ਪੰਜਾਬ ਰਾਜ ਦੀਆਂ ਵੋਲਵੋ ਬੱਸਾਂ ਵਿੱਚ ਯਾਤਰੀਆਂ ਨੂੰ ਮਿਲੇਗਾ ਹੁਣ ਪੀਣ ਵਾਲਾ ਪਾਣੀ

  • ਪੰਜਾਬ ਰੋਡਵੇਜ਼ ਵੱਲੋਂ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਲਈ ਸ਼ੁਰੂ ਕੀਤੀ ਗਈ ਵੋਲਵੋ ਬੱਸ ਸੇਵਾ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ

ਚੰਡੀਗੜ੍ਹ, 23 ਜੂਨ 2022 – ਪੰਜਾਬ ਸਰਕਾਰ ਵੱਲੋਂ ਅੱਜ ਇਕ ਅਹਿਮ ਫੈਸਲਾ ਲੈਂਦੇ ਹੋਏ ਪੰਜਾਬ ਰਾਜ ਦੀਆਂ ਵੋਲਵੋ ਬੱਸਾਂ ਵਿੱਚ ਯਾਤਰੀਆਂ ਨੂੰ ਹੁਣ ਪੀਣ ਵਾਲੇ ਪਾਣੀ ਦੀ ਬੋਤਲ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।

ਪੰਜਾਬ ਰਾਜ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬਾ ਵਾਸੀਆਂ ਦੀ ਸਹੂਲਤ ਲਈ ਪੰਜਾਬ ਰਾਜ ਤੋਂ ਦਿੱਲੀ ਹਵਾਈ ਅੱਡੇ ਲਈ ਸ਼ੁਰੂ ਕੀਤੀ ਗਈ ਵੋਲਵੋ ਬੱਸ ਸਰਵਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਰੂਟ ਉੱਤੇ ਵੋਲਵੋ ਬੱਸ ਪ੍ਰਤੀ ਕਿਲੋਮੀਟਰ 100 ਰੁਪਏ ਦੇ ਕਰੀਬ ਹਾਸਲ ਕਰ ਰਹੀ ਹੈ।

ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਪੰਜਾਬ ਰੋਡਵੇਜ਼ ਨੂੰ ਮੁੜ ਲੀਹ ‘ਤੇ ਲਿਆਉਣ ਲਈ ਭਰਪੂਰ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਸ੍ਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੂਬੇ ਵਿੱਚ ਬੱਸਾਂ ਦੇ ਟਾਇਮ ਟੇਬਲ ਨੂੰ ਇੰਨ-ਬਿੰਨ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਬਰਦਾਸਤ ਨਹੀਂ ਕੀਤੀ ਜਾਵੇਗੀ। ਟਾਇਮ ਟੇਬਲ ਦੇ ਲਾਗੂ ਹੋਣ ਨਾਲ ਬੱਸ ਸੇਵਾ ਵਿੱਚ ਦਿਨ ਪ੍ਰਤੀ ਦਿਨ ਸੁਧਾਰ ਹੋ ਰਿਹਾ ਹੈ ਅਤੇ ਨਾਲ ਹੀ ਗੈਰ-ਕਾਨੂੰਨੀ ਤੌਰ ‘ਤੇ ਕੁਝ ਲੋਕਾਂ ਵੱਲੋਂ ਚਲਾਈ ਜਾ ਰਹੀ ਬੱਸ ਸੇਵਾ ਨੂੰ ਵੀ ਠੱਲ ਪਈ ਹੈ।

ਅੱਜ ਇੱਥੇ ਹੋਈ ਮੀਟਿੰਗ ਵਿੱਚ ਹਾਜ਼ਰ ਪੰਜਾਬ ਰੋਡਵੇਜ਼ ਦੇ ਜੀਐਮ ਅਤੇ ਰੀਜ਼ਨਲ ਟਰਾਂਸਪੋਰਟ ਅਥਾਰਟੀ ਨੂੰ ਹਦਾਇਤ ਕੀਤੀ ਗਈ ਕਿ ਉਹ ਨਜ਼ਾਇਜ ਤੌਰ ‘ਤੇ ਚੱਲ ਰਹੀ ਬੱਸ ਸੇਵਾ ਨੂੰ ਸੂਬੇ ਵਿੱਚੋਂ ਪੂਰੇ ਤੌਰ ‘ਤੇ ਖ਼ਤਮ ਕਰਨ ਲਈ ਚੈਕਿੰਗ ਦੀ ਕਾਰਵਾਈ ਨੂੰ ਹੋਰ ਕਾਰਗਰ ਬਨਾਉਣ ਦੀ ਦਿਸ਼ਾ ਵਿੱਚ ਸਾਂਝੇ ਤੌਰ ‘ਤੇ ਕਾਰਵਾਈ ਅਮਲ ਵਿੱਚ ਲਿਆਉਣ।

ਉਹਨਾਂ ਕਿਹਾ ਕਿ ਜਨਰਲ ਮੈਨੇਜਰ (ਜੀਐਮ) ਨੂੰ ਹਦਾਇਤ ਕੀਤੀ ਕਿ ਉਹ ਪ੍ਰਤੀ ਕਿਲੋਮੀਟਰ ਮਾਈਲੇਜ਼ ਵਿੱਚ ਹੋਰ ਸੁਧਾਰ ਲਿਆਉਣ ਦੇ ਨਾਲ ਨਾਲ ਸੂਬੇ ਵਿੱਚ ਸਰਕਾਰੀ ਬੱਸਾਂ ਵਿੱਚੋਂ ਤੇਲ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਜਾਵੇ। ਇਸ ਦੇ ਨਾਲ ਹੀ ਸੂਬੇ ਵਿੱਚ ਵੀ.ਟੀ.ਐਸ ਸਿਸਟਮ ਨੂੰ ਵੀ ਤੈਅ ਸਮੇਂ ‘ਤੇ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਤਾਂ ਕਿ ਸੂਬੇ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਚੱਲ ਰਹੀਆਂ ਬੱਸਾਂ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾ ਸਕੇ।

ਇਸ ਮੌਕੇ ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕਿ ਟਾਇਮ ਟੇਬਲ ਦੇ ਸਲੌਟ ਵਿੱਚ ਰੋਟੇਸ਼ਨ ਵਿਧੀ ਅਪਣਾਈ ਜਾਵੇ ਤਾਂ ਜੋ ਸਭ ਨੂੰ ਬਰਾਬਰ ਮੌਕੇ ਮਿਲ ਸਕਣ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਵਿਕਾਸ ਗਰਗ, ਸਕੱਤਰ, ਟਰਾਂਸਪੋਰਟ ਵਿਭਾਗ, ਸ੍ਰੀ ਪਰਦੀਪ ਸਭਰਵਾਲ, ਅਮਨਦੀਪ ਕੌਰ ਡਾਇਰੈਕਟਰ ਸਟੇਟ ਟਰਾਂਸਪੋਰਟ ਅਤੇ ਸ੍ਰੀ ਵਿਮਲ ਕੁਮਾਰ ਸੇਤੀਆ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪੁਰਾਣੀ ਸੀਰੀਜ਼ ਦੇ ਛੋਟੇ ਅੱਖਰਾਂ ਵਾਲੇ ਫੈਂਸੀ ਨੰਬਰ ਲਗਾ ਕੇ ਘੁੰਮ ਰਹੇ ਵਾਹਨਾਂ ਦੇ ਚਲਾਣ ਅਤੇ ਜ਼ਬਤ ਕਰਨ ਦੇ ਹੁਕਮ

ਅੱਜ ਤੋਂ ਪੰਜਾਬ ਦਾ ਬਜਟ ਇਜਲਾਸ: ਪਾਸ ਕੀਤੇ ਜਾਣਗੇ ਕਈ ਵੱਡੇ ਬਿਲ, 27 ਨੂੰ ਪੇਪਰ ਲੈਸ ਬਜਟ ਕੀਤਾ ਜਾਵੇਗਾ ਪੇਸ਼