ਅੰਮ੍ਰਿਤਸਰ, 13 ਅਕਤੂਬਰ 2024 – ਸਰਹੱਦੀ ਕੰਡਿਆਲੀ ਤਾਰ ਦੇ ਦੋਵੇਂ ਪਾਸੇ ਝੋਨੇ ਦੀ ਫ਼ਸਲ ਦੀ ਕਟਾਈ ਸ਼ੁਰੂ ਹੋ ਗਈ ਹੈ, ਉਵੇਂ ਹੀ ਖੇਤਾਂ ’ਚ ਹਾਦਸਾਗ੍ਰਸਤ ਹਾਲਤ ਵਿਚ ਲਾਵਾਰਿਸ ਡਰੋਨ ਪਤੰਗਾਂ ਵਾਂਗ ਮਿਲ ਰਹੇ ਹਨ। ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਇਕ ਦਿਨ ਵਿਚ 3 ਡਰੋਨ ਜ਼ਬਤ ਕੀਤੇ। ਇਸ ਦੇ ਨਾਲ ਹੀ 3 ਕਰੋੜ ਦੀ ਹੈਰੋਇਨ ਵੀ ਬਰਾਮਦ ਕੀਤੀ ਹੈ। ਇਨ੍ਹਾਂ ’ਚੋਂ ਇਕ ਡਰੋਨ ਪਿੰਡ ਮੂਲਾਂਕੋਟ, ਦੂਜਾ ਡਰੋਨ ਦਾਉਕੇ ਅਤੇ ਤੀਜਾ ਡਰੋਨ ਰਾਜਾਤਾਲ ਦੇ ਖੇਤਾਂ ’ਚੋਂ ਮਿਲਿਆ। ਨਾਲ ਲੱਗਦੇ ਜ਼ਿਲ੍ਹਾ ਤਰਨਤਾਰਨ ’ਚ ਵੀ ਇਕ ਦਿਨ ਵਿਚ 3 ਡਰੋਨ ਹਾਦਸਾਗ੍ਰਸਤ ਹਾਲਤ ’ਚ ਮਿਲੇ ਹਨ।
ਸੁਰੱਖਿਆ ਏਜੰਸੀਆਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸਰਹੱਦ ’ਤੇ ਡਰੋਨਾਂ ਰਾਹੀਂ ਹੋਣ ਵਾਲੀ ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਪਿਛਲੇ ਇਕ ਹਫਤੇ ਦੌਰਾਨ ਬੀ. ਐੱਸ. ਐੱਫ. ਅਤੇ ਦਿਹਾਤੀ ਪੁਲਸ ਵੱਲੋਂ ਚਲਾਏ ਜਾ ਰਹੇ ਸਾਂਝੇ ਆਪ੍ਰੇਸ਼ਨਾਂ ਦੌਰਾਨ 15 ਡਰੋਨ ਜ਼ਬਤ ਕੀਤੇ ਜਾ ਚੁੱਕੇ ਹਨ ਜੋ ਕਿ ਸਰਹੱਦੀ ਕੰਡਿਆਲੀ ਤਾਰ ਦੇ ਨੇੜੇ ਖੇਤਾਂ ’ਚ ਲਾਵਾਰਿਸ ਜਾਂ ਹਾਦਸਾਗ੍ਰਸਤ ਹਾਲਤ ਵਿਚ ਪਏ ਮਿਲੇ।
ਜਿਨ੍ਹਾਂ ਇਲਾਕਿਆਂ ਵਿਚ ਸਭ ਤੋਂ ਜ਼ਿਆਦਾ ਡਰੋਨ ਉੱਡਣ ਅਤੇ ਸੁੱਟੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਵਿਚ ਧਨੋਆ ਖੁਰਦ, ਰਤਨ ਖੁਰਦ, ਰਾਜਾਤਾਲ, ਦਾਉਕੇ, ਨੇਸ਼ਟਾ, ਕੱਕੜ ਦੇ ਨਾਂ ਸ਼ਾਮਲ ਹਨ ਕਿਉਂਕਿ ਇਨ੍ਹਾਂ ਇਲਾਕਿਆਂ ਵਿਚ ਸਰਹੱਦੀ ਕੰਡਿਆਲੀ ਤਾਰ ਖੇਤਾਂ ਅਤੇ ਪਿੰਡਾਂ ਦੇ ਬਹੁਤ ਨੇੜੇ ਹੈ। ਇਸ ਕਾਰਨ ਸਮੱਗਲਰ ਡਰੋਨ ਨੂੰ ਆਸਾਨੀ ਨਾਲ ਆਪਣੀ ਮਨਪਸੰਦਾ ਥਾਂ ’ਤੇ ਲੈਂਡ ਕਰਵਾ ਸਕਦੇ ਹਨ ਅਤੇ ਵਾਪਸ ਭੇਜ ਸਕਦੇ ਹਨ।
ਇਹ ਦੇਖਣ ਵਿਚ ਆਇਆ ਹੈ ਕਿ ਵੱਡੇ ਡਰੋਨ ਮਹਿੰਗੇ ਅਤੇ ਇਨ੍ਹਾਂ ਦੀ ਆਵਾਜ਼ ਜ਼ਿਆਦਾ ਹੋਣ ਕਾਰਨ ਸਮੱਲਗਰਾਂ ਨੇ ਪੈਂਤਰਾ ਬਦਲਿਆ ਹੈ ਅਤੇ ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਕਰਨ ਲਈ ਵੱਡੇ ਡਰੋਨਾਂ ਦੀ ਬਜਾਏ ਮਿੰਨੀ ਡਰੋਨ ਉਡਾ ਰਹੇ ਹਨ ਤਾਂ ਜੋ ਬੀ. ਐੱਸ. ਐੱਫ. ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਚਕਮਾ ਦਿੱਤਾ ਜਾ ਸਕਦਾ ਹੈ। ਬੀ. ਐੱਸ. ਐੱਫ. ਵੱਲੋਂ ਜ਼ਬਤ ਕੀਤੇ ਗਏ ਮਿੰਨੀ ਡਰੋਨ ਇਕ ਤੋਂ ਡੇਢ ਕਿਲੋਗ੍ਰਾਮ ਤੱਕ ਭਾਰ ਚੁੱਕ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹੀਂ ਦਿਨੀਂ ਸਮੱਗਲਰ 18 ਤੋਂ 25 ਕਿਲੋ ਦੀਆਂ ਵੱਡੀਆਂ ਖੇਪਾਂ ਦਾ ਆਰਡਰ ਦੇਣ ਦੀ ਬਜਾਏ ਇਕ-ਇਕ ਕਿਲੋ ਦੀਆਂ ਛੋਟੀਆਂ ਖੇਪਾਂ ਦਾ ਆਰਡਰ ਦੇ ਰਹੇ ਹਨ। ਇਕ ਵਾਰ ਫੇਰੀ ਆਰਡਰ ਕਰਨ ਦੀ ਬਜਾਏ ਉਹ ਰਾਤ ’ਚ 4-5 ਵਾਰ ਡਰੋਨ ਫੇਰੀ ਆਰਡਰ ਕਰ ਰਹੇ ਹਨ। ਮਿੰਨੀ ਡਰੋਨ ਦੇ ਘੱਟ ਸ਼ੋਰ ਪੱਧਰ ਦੇ ਕਾਰਨ ਉਨ੍ਹਾਂ ਨੂੰ ਆਸਾਨੀ ਨਾਲ ਟ੍ਰੇਸ ਨਹੀਂ ਕੀਤਾ ਜਾ ਸਕਦਾ ਹੈ। ਗੋਲੀ ਦਾ ਨਿਸ਼ਾਨਾ ਵੀ ਇਸ ’ਤੇ ਆਸਾਨੀ ਨਾਲ ਨਹੀਂ ਲੱਗਦਾ ਹੈ।