ਫਰੀਦਕੋਟ, 18 ਜੂਨ 2023 – ਫਰੀਦਕੋਟ ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹਵਾਲਾਤੀ ਸੱਤਿਅਮ ਨੂੰ ਬਾਹਰੋਂ ਪਾਬੰਦੀਸ਼ੁਦਾ ਵਸਤੂਆਂ ਮੰਗਵਾਉਣਾ ਮਹਿੰਗਾ ਪੈ ਗਿਆ। ਜੇਲ੍ਹ ਪ੍ਰਸ਼ਾਸਨ ਨੇ ਪਾਬੰਦੀਸ਼ੁਦਾ ਵਸਤੂ ਜੇਲ੍ਹ ਵਿੱਚ ਸੁੱਟਣ ਆਏ ਤਿੰਨ ਵਿਅਕਤੀਆਂ ਵਿੱਚੋਂ ਇੱਕ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ ਪਰ ਦੋ ਮੁਲਜ਼ਮ ਭੱਜਣ ਵਿੱਚ ਕਾਮਯਾਬ ਹੋ ਗਏ। ਪੁਲੀਸ ਨੇ ਤਿੰਨਾਂ ਨੌਜਵਾਨਾਂ ਅਤੇ ਹਵਾਲਾਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਹਾਇਕ ਜੇਲ੍ਹ ਸੁਪਰਡੈਂਟ ਗੁਰਤੇਜ ਸਿੰਘ ਨੇ ਦੱਸਿਆ ਕਿ ਜੇਲ੍ਹ ਦੀ ਸੁਰੱਖਿਆ ਟੀਮ ਵੱਲੋਂ ਤਿੰਨ ਵਿਅਕਤੀਆਂ ਨੂੰ ਜੇਲ੍ਹ ਦੇ ਬਾਹਰ ਸ਼ੱਕੀ ਢੰਗ ਨਾਲ ਘੁੰਮਦੇ ਦੇਖਿਆ ਗਿਆ। ਜਦੋਂ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਵਿੱਚੋਂ ਇੱਕ ਅਮਨ ਵਾਸੀ ਪਿੰਡ ਚਾਹਲ ਫ਼ਰੀਦਕੋਟ ਨੂੰ ਕਾਬੂ ਕਰ ਲਿਆ ਗਿਆ ਪਰ ਉਸ ਦੇ ਦੋ ਸਾਥੀ ਫ਼ਰਾਰ ਹੋ ਗਏ। ਪੁੱਛਗਿਛ ਕਰਨ ‘ਤੇ ਅਮਨ ਨੇ ਦੱਸਿਆ ਕਿ ਉਸਨੇ ਕੋਟਕਪੂਰਾ ਦੇ ਰਹਿਣ ਵਾਲੇ ਹਵਾਲਾਤੀ ਸੱਤਿਅਮ ਦਾ ਨਾਮ ਲਿਆ।
ਅਮਨ ਨੇ ਦੱਸਿਆ ਕਿ ਸਤਿਅਮ ਨੇ ਉਸ ਤੋਂ ਪਾਬੰਦੀਸ਼ੁਦਾ ਚੀਜ਼ ਮੰਗਵਾਈ ਸੀ, ਜਿਸ ਨੂੰ ਉਹ ਜੇਲ੍ਹ ਅੰਦਰ ਸੁੱਟਣ ਆਇਆ ਸੀ। ਫਰੀਦਕੋਟ ਸਿਟੀ ਥਾਣੇ ਦੇ ਏ.ਐਸ.ਆਈ ਗੁਰਦਿੱਤ ਸਿੰਘ ਨੇ ਦੱਸਿਆ ਕਿ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਆਧਾਰ ‘ਤੇ ਦੋਸ਼ੀ ਸੱਤਿਅਮ, ਦੋਸ਼ੀ ਅਮਨ ਅਤੇ ਦੋ ਅਣਪਛਾਤੇ ਨੌਜਵਾਨਾਂ ਖਿਲਾਫ ਜੇਲ੍ਹ ਐਕਟ ਅਤੇ ਆਈ.ਪੀ.ਸੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।