ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 321.51 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, ਨਕਦੀ ਅਤੇ ਹੋਰ ਕੀਮਤੀ ਵਸਤਾਂ ਜ਼ਬਤ

  • ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 60.3 ਕਰੋੜ ਰੁਪਏ ਦੀਆਂ ਬਰਾਮਦਗੀਆਂ
  • ਮੁੱਖ ਚੋਣ ਅਧਿਕਾਰੀ ਨੇ ਨਿਰਪੱਖ ਚੋਣ ਅਮਲ ਨੇਪਰੇ ਚੜ੍ਹਾਉਣ ਦੀ ਵਚਨਬੱਧਤਾ ਦੁਹਰਾਈ

ਚੰਡੀਗੜ੍ਹ, 25 ਅਪ੍ਰੈਲ 2024 – ਲੋਕ ਸਭਾ ਚੋਣਾਂ 2024 ਦੌਰਾਨ ਸੂਬੇ ਵਿੱਚ ਚੋਣ ਮਰਿਆਦਾ ਨੂੰ ਕਾਇਮ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਇਨਫੋਰਸਮੈਂਟ ਏਜੰਸੀਆਂ ਨੇ ਵਿਆਪਕ ਕਾਰਵਾਈ ਕਰਦਿਆਂ 16 ਮਾਰਚ ਨੂੰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ 321.51 ਕਰੋੜ ਰੁਪਏ ਦੀ ਨਕਦੀ, ਸ਼ਰਾਬ, ਨਸ਼ੀਲੇ ਪਦਾਰਥ, ਕੀਮਤੀ ਵਸਤਾਂ ਅਤੇ ਹੋਰ ਸਮਾਨ ਜ਼ਬਤ ਕੀਤਾ ਹੈ।

ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਹੁਣ ਤੱਕ ਕੁੱਲ 321.51 ਕਰੋੜ ਰੁਪਏ ਦੀਆਂ ਬਰਾਮਦਗੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ 6.89 ਕਰੋੜ ਰੁਪਏ ਦੀ ਨਕਦੀ, 14.93 ਕਰੋੜ ਰੁਪਏ ਕੀਮਤ ਦੀ 22.8 ਲੱਖ ਲੀਟਰ ਸ਼ਰਾਬ, 287.23 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, 11.37 ਕਰੋੜ ਰੁਪਏ ਦੀਆਂ ਕੀਮਤੀ ਵਸਤਾਂ ਅਤੇ 1.09 ਕਰੋੜ ਰੁਪਏ ਦਾ ਹੋਰ ਸਮਾਨ ਜ਼ਬਤ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 24 ਇਨਫੋਰਸਮੈਂਟ ਏਜੰਸੀਆਂ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ। ਇਨ੍ਹਾਂ ਬਰਾਮਦਗੀਆਂ ਵਿੱਚ ਪੰਜਾਬ ਪੁਲਿਸ ਵੱਲੋਂ ਸਭ ਤੋਂ ਵੱਧ 276.19 ਕਰੋੜ ਰੁਪਏ, ਸੀਮਾ ਸੁਰੱਖਿਆ ਬਲ ਵੱਲੋਂ 22.85 ਕਰੋੜ ਰੁਪਏ, ਆਬਕਾਰੀ ਵਿਭਾਗ ਵੱਲੋਂ 7.21 ਕਰੋੜ ਰੁਪਏ, ਵਸਤਾਂ ਅਤੇ ਸੇਵਾਵਾਂ ਕਰ ਵਿਭਾਗ ਵੱਲੋਂ 5 ਕਰੋੜ ਰੁਪਏ, ਕਸਟਮ ਵਿਭਾਗ ਵੱਲੋਂ 4.37 ਕਰੋੜ ਰੁਪਏ, ਆਮਦਨ ਕਰ ਵਿਭਾਗ ਵੱਲੋਂ 4.08 ਕਰੋੜ ਰੁਪਏ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ 1.76 ਕਰੋੜ ਰੁਪਏ ਦੀਆਂ ਜ਼ਬਤੀਆਂ ਕੀਤੀਆਂ ਗਈਆਂ ਹਨ।

ਜ਼ਿਲ੍ਹਿਆਂ ਵਿੱਚੋਂ ਅੰਮ੍ਰਿਤਸਰ ਜ਼ਿਲ੍ਹੇ ‘ਚ ਸਭ ਤੋਂ ਵੱਧ 60.3 ਕਰੋੜ ਰੁਪਏ, ਤਰਨਤਾਰਨ ਜ਼ਿਲ੍ਹੇ ‘ਚ 53.74 ਕਰੋੜ ਰੁਪਏ, ਫ਼ਿਰੋਜ਼ਪੁਰ ਜ਼ਿਲ੍ਹੇ ‘ਚ 49.34 ਕਰੋੜ ਰੁਪਏ ਅਤੇ ਫ਼ਾਜ਼ਿਲਕਾ ਜ਼ਿਲ੍ਹੇ ‘ਚ 41.71 ਕਰੋੜ ਰੁਪਏ ਦੀਆਂ ਬਰਾਮਦਗੀਆਂ ਕੀਤੀਆਂ ਗਈਆਂ ਹਨ।

ਇਸੇ ਤਰ੍ਹਾਂ ਲੁਧਿਆਣਾ ਜ਼ਿਲ੍ਹੇ ‘ਚ 25.42 ਕਰੋੜ ਰੁਪਏ, ਪਠਾਨਕੋਟ ‘ਚ 21.4 ਕਰੋੜ ਰੁਪਏ, ਜਲੰਧਰ ‘ਚ 17.34 ਕਰੋੜ ਰੁਪਏ, ਸੰਗਰੂਰ ‘ਚ 11 ਕਰੋੜ ਰੁਪਏ, ਗੁਰਦਾਸਪੁਰ ‘ਚ 10.38 ਕਰੋੜ ਰੁਪਏ, ਕਪੂਰਥਲਾ ‘ਚ 6.02 ਕਰੋੜ ਰੁਪਏ, ਹੁਸ਼ਿਆਰਪੁਰ ‘ਚ 4.89 ਕਰੋੜ ਰੁਪਏ, ਬਠਿੰਡਾ ‘ਚ 3.94 ਕਰੋੜ ਰੁਪਏ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ 3.90 ਕਰੋੜ ਰੁਪਏ ਦੀਆਂ ਬਰਾਮਦਗੀਆਂ ਕੀਤੀਆਂ ਹਨ।

ਓਧਰ ਬਰਨਾਲਾ ਜ਼ਿਲ੍ਹੇ ਵਿੱਚ 2.2 ਕਰੋੜ ਰੁਪਏ, ਮੋਗਾ ‘ਚ 2.05 ਕਰੋੜ ਰੁਪਏ, ਪਟਿਆਲਾ ‘ਚ 1.47 ਕਰੋੜ ਰੁਪਏ, ਰੂਪਨਗਰ ‘ਚ 1.33 ਕਰੋੜ ਰੁਪਏ, ਸ੍ਰੀ ਮੁਕਤਸਰ ਸਾਹਿਬ ‘ਚ 1.26 ਕਰੋੜ ਰੁਪਏ, ਮਾਨਸਾ ‘ਚ 1 ਕਰੋੜ ਰੁਪਏ, ਸ਼ਹੀਦ ਭਗਤ ਸਿੰਘ ਨਗਰ ‘ਚ 81.8 ਲੱਖ ਰੁਪਏ, ਮਾਲੇਰਕੋਟਲਾ ‘ਚ 70 ਲੱਖ ਰੁਪਏ, ਫਰੀਦਕੋਟ ‘ਚ 67 ਲੱਖ ਰੁਪਏ ਅਤੇ ਫਤਿਹਗੜ੍ਹ ਸਾਹਿਬ ‘ਚ 59 ਲੱਖ ਰੁਪਏ ਦੀਆਂ ਜ਼ਬਤੀਆਂ ਕੀਤੀਆਂ ਗਈਆਂ ਹਨ।

ਮੁੱਖ ਚੋਣ ਅਧਿਕਾਰੀ ਨੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੂਬੇ ਵਿੱਚ ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਚੋਣ ਅਮਲ ਨੂੰ ਨੇਪਰੇ ਚਾੜ੍ਹਨ ਲਈ ਸਮੁੱਚੇ ਸਟਾਫ਼ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਸਿਬਿਨ ਸੀ ਨੇ ਚੋਣ ਪ੍ਰਕਿਰਿਆ ਵਿੱਚ ਇਮਾਨਦਾਰੀ ਅਤੇ ਪਾਰਦਰਸ਼ਤਾ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਲੋਕਤੰਤਰੀ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਸਮੁੱਚੇ ਚੋਣ ਅਮਲੇ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਨੂੰ ਇਸੇ ਤਰ੍ਹਾਂ ਬਣਾਈ ਰੱਖਣ ਦੀ ਦ੍ਰਿੜਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਲੋਕਤੰਤਰੀ ਸਿਧਾਤਾਂ ਦੀ ਰਾਖੀ ਅਤੇ ਵੋਟਰਾਂ ਦੇ ਭਰੋਸੇ ਨੂੰ ਕਾਇਮ ਰੱਖਣ ਲਈ ਸਮੁੱਚਾ ਚੋਣ ਅਮਲਾ ਪੂਰੀ ਵਚਬੱਧਤਾ ਨਾਲ ਕੰਮ ਕਰ ਰਿਹਾ ਹੈ ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ ਦਾ ਦੇਹਾਂਤ, ਕੁਲਤਾਰ ਸੰਧਵਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

27 ਸਾਲਾਂ ਪੰਜਾਬੀ ਨੌਜਵਾਨ ਦਾ ਕੈਨੇਡਾ ਵਿੱਚ ਕਤਲ, 2018 ਵਿੱਚ ਗਿਆ ਸੀ ਪੜ੍ਹਾਈ ਕਰਨ, ਮਿਲ ਚੁੱਕੀ ਸੀ PR