- ਗੁਰਪ੍ਰੀਤ ਦੇ ਬੇਸਹਾਰਾ ਹੋਏ ਬਜ਼ੁਰਗ ਦਾਦੇ ਨੂੰ 1500 ਰੁਪਏ ਮਹੀਨਾਵਾਰ ਪੈਨਸ਼ਨ ਦਵਾਂਗੇ : ਡਾ.ਓਬਰਾਏ
ਅੰਮ੍ਰਿਤਸਰ , 21 ਅਪ੍ਰੈਲ 2022 – ਆਪਣੇ ਚੰਗੇਰੇ ਭਵਿੱਖ ਲਈ ਖਾੜੀ ਮੁਲਕਾਂ ‘ਚ ਮਿਹਨਤ ਮਜ਼ਦੂਰੀ ਕਰਨ ਗਏ ਲੋਕਾਂ ਦੀ ਹਰ ਮੁਸ਼ਕਲ ਘੜੀ ‘ਚ ਮਦਦ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਏਰੀਏ ਦੇ ਪਿੰਡ ਮੂਨਕ ਕਲਾਂ ਨਾਲ ਸਬੰਧਿਤ 22 ਸਾਲਾ ਗੁਰਪ੍ਰੀਤ ਸਿੰਘ ਪੁੱਤਰ ਸਵ. ਗੁਰਚਰਨ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਪਰਿਵਾਰ ਦੇ ਆਰਥਿਕ ਹਾਲਾਤ ਸੁਧਾਰਨ ਲਈ ਪਹਿਲਾਂ ਯੂਕਰੇਨ ਗਿਆ ਸੀ ਕਿ ਆਪਣੇ ਦਾਦਾ ਜੀ ਦੀ ਸਿਹਤ ਵਿਗੜਨ ਕਾਰਨ ਉਹ ਯੂਕਰੇਨ ਦੀ ਲੜਾਈ ਸ਼ੁਰੂ ਹੋਣ ਤੋਂ ਕੇਵਲ ਦੋ ਦਿਨ ਪਹਿਲਾਂ ਹੀ ਭਾਰਤ ਆ ਗਿਆ ਸੀ।ਕੁਝ ਸਮਾਂ ਘਰ ਰਹਿਣ ਉਪਰੰਤ ਉਹ ਬੀਤੀ 16 ਮਾਰਚ ਨੂੰ ਕੰਮਕਾਰ ਦੀ ਭਾਲ ‘ਚ ਵਿਜ਼ਿਟਰ ਵੀਜ਼ਾ ਲੈ ਕੇ ਦੁਬਈ ਪਹੁੰਚ ਗਿਆ ਸੀ।ਜਿੱਥੇ ਉਹ ਅਜੇ ਕੰਮ ਦੀ ਤਲਾਸ਼ ‘ਚ ਸੀ ਕਿ ਬਦਕਿਸਮਤੀ ਨਾਲ ਬੀਤੀ 5 ਅਪ੍ਰੈਲ ਨੂੰ ਕਿਸੇ ਕਾਰਨ ਉਸ ਦੀ ਇੱਕ ਬਿਲਡਿੰਗ ਦੀ 14 ਵੀਂ ਮੰਜ਼ਿਲ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ ਸੀ।
ਡਾ ਓਬਰਾਏ ਨੇ ਦੱਸਿਆ ਕਿ ਇਸ ਘਟਨਾ ਉਪਰੰਤ ਮ੍ਰਿਤਕ ਦੇ ਪਿੰਡ ਨਾਲ ਸਬੰਧਿਤ ਸਮਾਜ ਸੇਵਕ ਜਥੇਦਾਰ ਦਵਿੰਦਰ ਸਿੰਘ ਨੇ ਉਨ੍ਹਾਂ ਨਾਲ ਸੰਪਰਕ ਕਰ ਕੇ ਦੱਸਿਆ ਕਿ ਮਿ੍ਤਕ ਗੁਰਪ੍ਰੀਤ ਸਿੰਘ ਜੋ ਕਿ ਆਪਣੇ ਬਜ਼ੁਰਗ ਦਾਦੇ ਦਾ ਇਕਲੌਤਾ ਸਹਾਰਾ ਹੈ,ਉਸਦਾ ਮ੍ਰਿਤਕ ਸਰੀਰ ਭਾਰਤ ਭੇਜਣ ਲਈ ਮਦਦ ਕੀਤੀ ਜਾਵੇ,ਜਿਸ ਉਪਰੰਤ ਉਨ੍ਹਾਂ ਭਾਰਤੀ ਦੂਤਾਵਾਸ ਦੇ ਵੱਡੇ ਸਹਿਯੋਗ ਅਤੇ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ ‘ਚ ਤੁਰੰਤ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਗੁਰਪ੍ਰੀਤ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਭੇਜਿਆ ਹੈ। ਡਾ. ਓਬਰਾਏ ਅਨੁਸਾਰ ਉਨ੍ਹਾਂ ਵੱਲੋਂ ਮ੍ਰਿਤਕ ਗੁਰਪ੍ਰੀਤ ਦੇ ਬਜ਼ੁਰਗ ਦਾਦੇ ਨੂੰ ਗੁਜ਼ਾਰੇ ਲਈ 1500 ਰੁਪਏ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ।
ਪੀੜਤ ਪਰਿਵਾਰ ਨਾਲ ਹਵਾਈ ਅੱਡੇ ‘ਤੇ ਦੁੱਖ ਸਾਂਝਾ ਕਰਨ ਪਹੁੰਚੀ ਟਰੱਸਟ ਦੀ ਅੰਮ੍ਰਿਤਸਰ ਟੀਮ ਵੱਲੋਂ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਸੁਖਦੀਪ ਸਿੱਧੂ,ਮਨਪ੍ਰੀਤ ਸੰਧੂ ਚਮਿਆਰੀ,ਨਵਜੀਤ ਘਈ,ਹਰਜਿੰਦਰ ਸਿੰਘ ਹੇਰ ਨੇ ਦੱਸਿਆ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 303 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।
ਇਸ ਦੌਰਾਨ ਹਵਾਈ ਅੱਡੇ ਤੇ ਮ੍ਰਿਤਕ ਦੇਹ ਲੈਣ ਪਹੁੰਚੇ ਮ੍ਰਿਤਕ ਗੁਰਪ੍ਰੀਤ ਦੇ ਪਿੰਡ ਮੂਨਕ ਕਲਾਂ ਵਿਖੇ ਸਮਾਜ ਸੇਵਾ ਦੇ ਕਾਰਜ ਨਿਭਾਉਣ ਵਾਲੀ ਸੁਸਾਇਟੀ ਦੇ ਅਹੁਦੇਦਾਰ ਦਵਿੰਦਰ ਸਿੰਘ,ਹਰਪ੍ਰੀਤ ਸਿੰਘ,ਮਨੋਹਰ ਸਿੰਘ,ਜੱਸੀ ਆਦਿ ਨੇ ਡਾ.ਐੱਸ.ਪੀ.ਸਿੰਘ ਓਬਰਾਏ ਦਾ ਇਸ ਵੱਡੇ ਉਪਰਾਲੇ ਲਈ ਤਹਿ ਦਿਲੋਂ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਗੁਰਪ੍ਰੀਤ ਦੇ ਬਜ਼ੁਰਗ ਦਾਦੇ ਤੇ ਹੋਰਨਾਂ ਸਕੇ ਸਬੰਧੀਆਂ ਨੂੰ ਅੰਤਿਮ ਦਰਸ਼ਨ ਨਸੀਬ ਹੋ ਸਕੇ ਹਨ।