ਮੋਹਾਲੀ, 9 ਜੁਲਾਈ 2023 – ਬੀਤੇ ਕੱਲ੍ਹ ਸਵੇਰ ਤੋਂ ਹੋ ਰਹੀ ਲਗਾਤਾਰ ਬਾਰਸ਼ ਕਾਰਨ ਕਈ ਪਿੰਡਾਂ ਵਿੱਚ ਪਾਣੀ ਵੜ ਗਿਆ। ਪਿੰਡ ਰੁੜਕਾ ਵਿੱਚ ਬਹੁਤ ਨੁਕਸਾਨ ਹੋਇਆ ਹੈ। ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵਲੋਂ ਨਵੇਂ ਬਣਾਏ ਸੈਕਟਰ ਆਈ ਟੀ ਸਿਟੀ 66 ਬੀ ਕਾਰਨ ਪਿੰਡ ਰੁੜਕਾ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਦੇਣ ਕਾਰਨ ਪਾਣੀ ਵੜ ਗਿਆ।
ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਪਿੰਡ ਰੁੜਕਾ ਰਾਹੀਂ ਕਰੀਬ ਪੰਜ ਛੇ ਪਿੰਡਾਂ ਦਾ ਬਰਸਾਤੀ ਪਾਣੀ ਗੁਜ਼ਰਦਾ ਹੈ ਅਤੇ ਇਸ ਪੱਖ ਨੂੰ ਅਣਗੌਲਿਆਂ ਕਰ ਕੇ ਗਮਾਡਾ ਅਧਿਕਾਰੀਆਂ ਨੇ ਆਪਣੇ ਸੈਕਟਰ ਆਈ ਟੀ ਸਿਟੀ ਵਿੱਚ ਪਿੰਡ ਤੋਂ ਉਚੀਆਂ ਸੜਕਾਂ ਤਾਂ ਬਣਾ ਲਈਆਂ ਪਰ ਪੁਰਾਣੇ ਬਰਸਾਤੀ ਚੋਅ ਦੀ ਨਿਕਾਸੀ ਦਾ ਢੁਕਵਾਂ ਪ੍ਰਬੰਧ ਨਹੀਂ ਕੀਤਾ ਗਿਆ।ਜਿਸ ਦਾ ਖਮਿਆਜ਼ਾ ਅੱਜ ਰੁੜਕਾ ਨਿਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਮੀਂਹ ਦੇ ਨਾ ਰੁਕਣ ਕਾਰਨ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ।
ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ ਤੇ ਜੇ ਸੀ ਬੀ ਆਈ ਟੀ ਸਿਟੀ ਦੀਆਂ ਸੜਕਾਂ ਪੁੱਟ ਕੇ ਪਾਣੀ ਦੀ ਨਿਕਾਸੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਪੱਕੇ ਬਣੇ ਮਕਾਨ ਡੁਬਣ ਕਾਰਨ ਧਸਣੇ ਸ਼ੁਰੂ ਹੋ ਗਏ ਹਨ। ਦੋ ਮੱਝਾਂ ਵੀ ਕਮਰੇ ਵਿੱਚ ਪਾਣੀ ਭਰਨ ਕਾਰਨ ਮਾਰੀਆਂ ਗਈਆਂ। ਪਿੰਡ ਵਾਸੀਆਂ ਵੱਲੋਂ ਆਪੋ ਆਪਣੇ ਮਵੇਸੀਆਂ ਉਚੀਆਂ ਥਾਵਾਂ ਤੇ ਕੱਢਿਆ ਗਿਆ। ਬਿਜਲੀ ਦਾ ਟ੍ਰਾਂਸਫਾਰਮਰ ਡੁਬਣ ਕਾਰਨ ਬਿਜਲੀ ਸਪਲਾਈ ਮੁਕੱਮਲ ਤੌਰ ਤੇ ਠੱਪ ਹੋ ਗਈ ਹੈ।
ਪਿੰਡ ਦੇ ਵਸਨੀਕ ਹਰਜੀਤ ਸਿੰਘ, ਚੌਧਰੀ ਬਲਵਿੰਦਰ ਸਿੰਘ, ਨਰੇਸ਼ ਕੁਮਾਰ, ਭਜਨ ਸਿੰਘ ਆਦਿ ਨੇ ਦੱਸਿਆ ਕਿ ਗਮਾਡਾ ਅਧਿਕਾਰੀਆਂ ਨੂੰ ਕਈਂ ਵਾਰ ਜਾਣੂ ਕਰਵਾਇਆ ਗਿਆ ਸੀ ਕਿ ਇੱਥੋਂ ਗੁਜਰਨ ਵਾਲੇ ਬਰਸਾਤੀ ਚੋਅ ਵਿਚ ਹਵਾਈ ਅੱਡੇ ਤੱਕ ਦੇ ਪਿੰਡਾਂ ਦਾ ਪਾਣੀ ਗੁਜ਼ਰਦਾ ਹੈ। ਇਸ ਲਈ ਆਈ ਟੀ ਸਿਟੀ ਵਿਚੋਂ ਇਸ ਦੀ ਨਿਕਾਸੀ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ ਪਰ ਇਨ੍ਹਾਂ ਨੇ ਖਾਨਾ ਪੂਰਤੀ ਕਰਦੇ ਹੋਏ ਛੋਟੇ ਪਾਈਪ ਦਬਾ ਕੇ ਡੰਗ ਚਲਾਇਆ ਗਿਆ ਹੁਣ ਇਸ ਦਾ ਖਮਿਆਜ਼ਾ ਪਿੰਡ ਰੁੜਕਾ ਵਾਸੀ ਭੂਗਤ ਰਹੇ ਹਨ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਬਰਸਾਤੀ ਚੋਅ ਦੀ ਨਿਕਾਸੀ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ।