ਚੰਡੀਗੜ੍ਹ, 20 ਜਨਵਰੀ 2024 – ਹਿਮਾਚਲ ਪ੍ਰਦੇਸ਼ ਵਿੱਚ ਇਸ ਵਾਰ ਬਰਫ਼ਬਾਰੀ ਨਾ ਹੋਣ ਕਾਰਨ ਪੰਜਾਬ ਤੇ ਹਰਿਆਣਾ ਵਿੱਚ ਠੰਢ ਜ਼ਿਆਦਾ ਪੈ ਰਹੀ ਹੈ। ਹਿਮਾਚਲ ਵਿੱਚ ਮੀਂਹ ਨਾ ਪੈਣ ਕਾਰਨ ਗਰਮੀਆਂ ਵਿੱਚ ਬਿਜਲੀ, ਪਾਣੀ ਅਤੇ ਖੇਤੀ ਲਈ ਇਹ ਗੱਲ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। ਇਸ ਸਾਲ 122 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ ਅਤੇ ਸੋਕੇ ਦੀ ਸਥਿਤੀ ਪੈਦਾ ਹੋ ਗਈ ਹੈ।
ਹਰਿਆਣਾ ਅਤੇ ਪੰਜਾਬ ਵਿੱਚ ਕੱਲ੍ਹ ਦੇ ਮੁਕਾਬਲੇ ਅੱਜ ਬਹੁਤ ਘੱਟ ਧੁੰਦ ਹੈ। ਅੰਮ੍ਰਿਤਸਰ ਵਿੱਚ ਵਿਜ਼ੀਬਿਲਟੀ 600 ਮੀਟਰ ਹੈ ਜੋ ਕਿ ਪਿਛਲੇ ਦਿਨ 25 ਮੀਟਰ ਸੀ। ਜਦਕਿ ਹਰਿਆਣਾ ਦੇ ਪਟਿਆਲਾ ਅਤੇ ਅੰਬਾਲਾ ਵਿੱਚ ਵਿਜ਼ੀਬਿਲਟੀ 200 ਮੀਟਰ ਹੈ।
ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਹਰਿਆਣਾ ਦੇ ਮਹਿੰਦਰਗੜ੍ਹ, ਰੇਵਾੜੀ, ਅੰਬਾਲਾ, ਕੁਰੂਕਸ਼ੇਤਰ, ਕੈਥਲ, ਕਰਨਾਲ, ਝੱਜਰ, ਗੁਰੂਗ੍ਰਾਮ, ਮੇਵਾਤ, ਪਲਵਲ, ਫਰੀਦਾਬਾਦ, ਰੋਹਤਕ, ਸੋਨੀਪਤ, ਪਾਣੀਪਤ ਵਿੱਚ ਧੂੰਏਂ ਦਾ ਰੈੱਡ ਅਲਰਟ ਜਾਰੀ ਕੀਤਾ ਸੀ।
ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਰੈੱਡ ਸਮੋਗ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਚੰਡੀਗੜ੍ਹ ‘ਚ ਸੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਹੈ।
ਪੰਜਾਬ-ਹਰਿਆਣਾ ‘ਚ ਠੰਡ ਤੋਂ ਰਾਹਤ ਮਿਲਣ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ ਹਨ। ਪੰਜਾਬ ‘ਚ ਅਗਲੇ 4-5 ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। ਘੱਟੋ-ਘੱਟ ਤਾਪਮਾਨ ‘ਚ 21 ਜਨਵਰੀ ਤੱਕ ਕੋਈ ਵੱਡਾ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ। 22 ਜਨਵਰੀ ਤੋਂ ਤਾਪਮਾਨ 2 ਡਿਗਰੀ ਵਧਣ ਦੀ ਸੰਭਾਵਨਾ ਹੈ।
ਹਿਮਾਚਲ ਪ੍ਰਦੇਸ਼ ਇਸ ਸਰਦੀਆਂ ਵਿੱਚ ਸੋਕੇ ਦੀ ਮਾਰ ਝੱਲ ਰਿਹਾ ਹੈ। ਮੀਂਹ ਅਤੇ ਬਰਫ਼ਬਾਰੀ ਸਹੀ ਅਨੁਪਾਤ ਵਿੱਚ ਨਾ ਹੋਣ ਕਾਰਨ ਨਦੀਆਂ ਵਿੱਚ ਪਾਣੀ ਦਾ ਪੱਧਰ ਘੱਟ ਗਿਆ ਹੈ। ਜਿਸ ਕਾਰਨ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਹੈ। 85 ਫੀਸਦੀ ਬਿਜਲੀ ਉਤਪਾਦਨ ਘਟਿਆ ਹੈ।
ਸਰਦੀਆਂ ‘ਚ ਹਿਮਾਚਲ ‘ਚ ਬਿਜਲੀ ਉਤਪਾਦਨ 40 ਫੀਸਦੀ ਤੱਕ ਚਲਾ ਜਾਂਦਾ ਹੈ ਪਰ ਹੁਣ ਦੇਸ਼ ਦੇ ਸਭ ਤੋਂ ਵੱਡੇ ਜ਼ਮੀਨਦੋਜ਼ 1500 ਮੈਗਾਵਾਟ ਦੇ ਹਾਈਡਰੋ ਪਾਵਰ ਪ੍ਰੋਜੈਕਟ ਨਾਥਪਾ ਝਾਕਰੀ ‘ਚ ਬਿਜਲੀ ਉਤਪਾਦਨ 90 ਫੀਸਦੀ ਤੱਕ ਘੱਟ ਜਾਣ ਨਾਲ ਉੱਤਰ ਦੇ 9 ਸੂਬਿਆਂ ‘ਚ ਬਿਜਲੀ ਸੰਕਟ ਹੋਰ ਡੂੰਘਾ ਹੋਣ ਦੇ ਆਸਾਰ ਹਨ।
ਹਿਮਾਚਲ ਪ੍ਰਦੇਸ਼ ਵਿੱਚ 17 ਜਨਵਰੀ ਨੂੰ ਹਲਕੀ ਬਰਫ਼ਬਾਰੀ ਅਤੇ ਮੀਂਹ ਪਿਆ। ਸੂਬੇ ਵਿੱਚ 1 ਤੋਂ 19 ਜਨਵਰੀ ਤੱਕ 43.1 ਮਿਲੀਮੀਟਰ ਮੀਂਹ ਨੂੰ ਆਮ ਮੰਨਿਆ ਜਾਂਦਾ ਹੈ। ਇਸ ਸਾਲ ਸਿਰਫ਼ 0.1 ਮਿਲੀਮੀਟਰ ਮੀਂਹ ਹੀ ਪਿਆ ਹੈ।
1901 ਤੋਂ ਹੁਣ ਤੱਕ ਦੇ ਉਪਲਬਧ ਅੰਕੜਿਆਂ ਮੁਤਾਬਕ ਸਾਲ 2024 ‘ਚ ਸਭ ਤੋਂ ਘੱਟ ਬੱਦਲ ਦੇਖਣ ਨੂੰ ਮਿਲੇ ਹਨ। ਇਸ ਤੋਂ ਪਹਿਲਾਂ ਸਾਲ 1966 ਵਿੱਚ ਆਮ ਨਾਲੋਂ 99.6 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਸੀ। ਸਾਲ 1902 ਵਿੱਚ ਆਮ ਨਾਲੋਂ 92.4 ਫੀਸਦੀ ਘੱਟ ਮੀਂਹ ਪਿਆ ਸੀ। ਇਹ ਸਥਿਤੀ 24 ਜਨਵਰੀ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ।