ਚੰਡੀਗੜ੍ਹ, 3 ਅਪ੍ਰੈਲ 2022 – ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਉਰਫ਼ ਹਨੀ ਤੇ ਉਸ ਦੇ ਸਹਿਯੋਗੀ ਕੁਦਰਤਦੀਪ ਸਿੰਘ ਉਰਫ਼ ਲਵੀ ਖਿਲਾਫ਼ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਕੀਤੀ ਹੈ।
ਈਡੀ ਵੱਲੋਂ ਪੀਐੱਮਐੱਲਏ ਦੇ ਵਿਸ਼ੇਸ਼ ਜੱਜ ਰੁਪਿੰਦਰਜੀਤ ਚਹਿਲ ਦੀ ਅਦਾਲਤ ‘ਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਅਦਾਲਤ ਨੇ ਮਾਮਲੇ ‘ਚ ਸੁਣਵਾਈ ਦੀ ਅਗਲੀ ਤਰੀਕ 6 ਅਪ੍ਰੈਲ ਤੈਅ ਕੀਤੀ ਹੈ।
ਜ਼ਿਕਰਯੋਗ ਹੈ 18 ਜਨਵਰੀ ਨੂੰ ਉਸ ਦੇ ਘਰੋਂ ਕਰੀਬ 8 ਕਰੋੜ ਰੁਪਏ ਮਿਲੇ ਸਨ, ਜਦੋਂ ਕਿ ਉਸ ਦੇ ਸਾਥੀ ਦੇ ਘਰੋਂ 2 ਕਰੋੜ ਰੁਪਏ ਮਿਲੇ ਸਨ। ਹਨੀ ਨੂੰ ਅਜਿਹੇ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਕਾਂਗਰਸ ਹਾਈਕਮਾਂਡ ਮੁੱਖ ਮੰਤਰੀ ਉਮੀਦਵਾਰ ਦੇ ਨਾਂ ਦਾ ਐਲਾਨ ਕਰਨ ਦੀ ਤਿਆਰੀ ਕਰ ਰਹੀ ਸੀ। ਇਸ ਅਹੁਦੇ ਦੀ ਦੌੜ ਵਿੱਚ ਚੰਨੀ ਸਭ ਤੋਂ ਅੱਗੇ ਸਨ। ਹਨੀ ਖਿਲਾਫ ਕਥਿਤ ਗੈਰ-ਕਾਨੂੰਨੀ ਰੇਤ ਮਾਈਨਿੰਗ ਮਾਮਲੇ ‘ਚ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।