ਚੰਡੀਗੜ੍ਹ, 14 ਅਪ੍ਰੈਲ 2022 – ਨਜਾਇਜ਼ ਰੇਤ ਮਾਈਨਿੰਗ ਅਤੇ ਅਫਸਰਾਂ ਦੀ ਟ੍ਰਾਂਸਫਰ ਤੇ ਪੋਸਟਿੰਗ ਨਾਲ ਕਰੋੜਾਂ ਰਪਏ ਦੀ ਕਮਾਈ ਦੇ ਦੋਸ਼ਾਂ ਵਿਚ ਘਿਰੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਸੂਤਰਾਂ ਮੁਤਾਬਕ ਈ. ਡੀ. ਨੇ ਚੰਨੀ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕਰ ਦਿੱਤਾ ਹੈ। ਰੇਤ ਦੀ ਨਾਜਾਇਜ਼ ਮਾਈਨਿੰਗ ਅਤੇ ਅਫਸਰਾਂ ਦੇ ਤਬਾਦਲੇ ਤੇ ਤਾਇਨਾਤੀਆਂ ਤੋਂ ਕਰੋੜਾਂ ਰੁਪਏ ਕਮਾਉਣ ਦੇ ਮਾਮਲੇ ‘ਚ ਚੰਨੀ ‘ਤੇ ਸ਼ਿਕੰਜਾ ਕੱਸਿਆ ਗਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਈਡੀ ਦੀ ਟੀਮ ਨੇ ਉਨ੍ਹਾਂ ਦੇ ਭਾਣਜੇ ਭੁਪਿੰਦਰ ਸਿੰਘ ਉਰਫ਼ ਹਨੀ ਦੇ ਘਰੋਂ 10 ਕਰੋੜ ਰੁਪਏ ਸਮੇਤ ਕੁਝ ਹੋਰ ਸਾਮਾਨ ਬਰਾਮਦ ਕੀਤਾ ਸੀ ਅਤੇ ਪੁੱਛਗਿੱਛ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਹਨੀ ਦੇ ਟਿਕਾਣਿਆਂ ਤੋਂ ਮਿਲੇ ਦਸਤਾਵੇਜ਼ਾਂ ਦੀ ਪੜਤਾਲ ਵੀ ਕੀਤੀ ਗਈ ਅਤੇ ਜਾਣਕਾਰੀ ਇਕੱਠੀ ਕੀਤੀ ਗਈ ਕਿ ਹਨੀ ਕੋਲ 10 ਕਰੋੜ ਰੁਪਏ ਕਿੱਥੋਂ ਆਏ ਹਨ। ਜਿਸ ਸਮੇਂ ਈ. ਡੀ. ਨੇ ਹਨੀ ਨੂੰ ਗ੍ਰਿਫ਼ਤਾਰ ਕੀਤਾ ਉਦੋਂ ਚੰਨੀ ਮੁੱਖ ਮੰਤਰੀ ਸਨ ਅਤੇ ਸੂਬੇ ਵਿਚ ਵਿਧਾਨ ਸਭਾ ਚੋਣਾਂ ਸਨ। ਉਸ ਸਮੇਂ ਚੰਨੀ ਨੇ ਕਿਹਾ ਸੀ ਕਿ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਨੇ ਜੇਕਰ ਕੋਈ ਗਲਤ ਕੰਮ ਕੀਤਾ ਹੈ ਤਾਂ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਹੁਣ ਜਦੋਂ ਈ. ਡੀ. ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਵੀ ਸੰਮਨ ਭੇਜ ਕੇ ਤਲਬ ਕਰ ਲਿਆ ਹੈ ਤਾਂ ਇਸ ਨਾਲ ਪੰਜਾਬ ਦੀ ਸਿਆਸਤ ਭਖਣੀ ਲਾਜ਼ਮੀ ਹੈ।