ਗੁਰਦਾਸਪੁਰ 3 ਅਗਸਤ 2023 – ਤਬਾਦਲੇ ਤੋਂ ਬਾਅਦ ਨਵੇਂ ਸਟੇਸ਼ਨ ਤੇ ਜੁਆਇਨ ਕਰਨ ਸਮੇਂ ਸਿੱਖਿਆ ਵਿਭਾਗ ਦੇ ਅਧਿਕਾਰੀ, ਕਰਮਚਾਰੀ ਜਾਂ ਅਧਿਆਪਕ ਹੁਣ ਆਪਣੇ ਨਾਲ ਕਿਸੇ ਵੀ ਹੋਰ ਕਰਮਚਾਰੀ ਨੂੰ ਲੈ ਕੇ ਨਹੀਂ ਜਾ ਸਕਣਗੇ। ਸਿੱਖਿਆ ਵਿਭਾਗ ਪੰਜਾਬ ਵਲੋਂ ਇਸ ਦੇ ਲਈ ਸਖ਼ਤ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਸਕੈਂਡਰੀ ਪੰਜਾਬ ਵੱਲੋਂ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਐਲੀਮੈਂਟਰੀ ਅਤੇ ਸਕੈਂਡਰੀ ਨੂੰ ਲਿਖੇ ਪੱਤਰ ਅਨੁਸਾਰ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਜਦੋਂ ਅਧਿਕਾਰੀਆਂ ਕਰਮਚਾਰੀਆਂ ਦੀ ਬਦਲੀ ਇੱਕ ਥਾਂ ਤੋਂ ਦੂਸਰੀ ਥਾਂ ਕੀਤੀ ਜਾਂਦੀ ਹੈ ਬਹੁਤ ਸਾਰੇ ਅਧਿਕਾਰੀ ਕਰਮਚਾਰੀ ਨਵੀਂ ਤੈਨਾਤੀ ਸਥਾਨ ਤੇ ਹਾਜਰ ਹੋਣ ਸਮੇਂ ਆਪਣੇ ਪੁਰਾਣੇ ਸਾਥੀਆਂ ,ਅਧਿਕਾਰੀਆਂ, ਕਰਮਚਾਰੀਆਂ ਨੂੰ ਨਾਲ ਲੈ ਜਾ ਕੇ ਜੁਆਇਨ ਕਰਦੇ ਹਨ। ਅਜਿਹਾ ਕਰਨ ਨਾਲ ਜਿੱਥੇ ਸਕੂਲਾਂ ਵਿੱਚ ਵਿੱਦਿਅਕ ਮਾਹੌਲ ਖਰਾਬ ਹੁੰਦਾ ਹੈ ਉਥੇ ਹੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਹਰਜ਼ ਹੁੰਦਾ ਹੈ ਇਸ ਲਈ ਇਸ ਗ਼ਲਤ ਪ੍ਰਥਾ ਨੂੰ ਬੰਦ ਕੀਤੇ ਜਾਣ ਦੀ ਲੋੜ ਹੈ।
ਪੱਤਰ ਵਿੱਚ ਪੰਜਾਬ ਦੇ ਸਮੂਹ ਐਲੀਮੈਂਟਰੀ ਅਤੇ ਸੈਕੰਡਰੀ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਆਪਣੇ ਜ਼ਿਲ੍ਹੇ ਵਿੱਚ ਤੇਨਾਤ ਸਮੂਹ ਅਧਿਕਾਰੀਆਂ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਜਾਣ ਕਿ ਬਦਲੀ ਹੋਣ ਉਪਰੰਤ ਨਵੇਂ ਸਟੇਸ਼ਨ ਦਾ ਚਾਰਜ ਲੈਣ ਸਮੇਂ ਕੇਵਲ ਤਬਦੀਲ ਹੋਇਆ ਕਰਮਚਾਰੀ, ਅਧਿਕਾਰੀ ਹੀ ਉੱਥੇ ਜਾ ਕੇ ਚਾਰਜ ਲਵੇ। ਉਸਦੇ ਨਾਲ ਕੋਈ ਵੀ ਹੋਰ ਵਿਅਕਤੀ ਨਾ ਹੋਵੇ। ਪੱਤਰ ਵਿੱਚ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਿਦਾਇਤਾਂ ਦੀ ਪਾਲਣ ਕਰਨ ਦੇ ਹੁਕਮ ਦਿੱਤੇ ਗਏ ਹਨ।