ਗੁਰਦਾਸਪੁਰ 27 ਜੁਲਾਈ 2023 – ਸਿੱਖਿਆ ਵਿਭਾਗ ਪੰਜਾਬ ਵਲੋਂ ਉਪ ਜਿਲਾ ਸਿੱਖਿਆ ਅਧਿਕਾਰੀ ਅਤੇ ਕਈ ਸਰਕਾਰੀ ਸਿੱਖਿਆ ਅਦਾਰਿਆਂ ਦੇ ਪ੍ਰਿੰਸੀਪਲ ਰਹੇ ਰਾਕੇਸ਼ ਗੁਪਤਾ ਨੂੰ ਵਿਭਾਗੀ ਸ਼ਰਤਾਂ ਤੇ ਨੌਕਰੀ ਤੇ ਮੁੜ ਬਹਾਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਰਾਕੇਸ਼ ਗੁਪਤਾ 1 ਨਵੰਬਰ 2022 ਤੋਂ ਮੁਅਤੱਲ ਚਲ ਰਹੇ ਸਨ।
ਦੱਸ ਦਈਏ ਕਿ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਭਾਗੋਵਾਲ ਦੇ ਪ੍ਰਿੰਸਿਪਲ ਦੇ ਅਹੁਦੇ ਤੇ (ਗਿਰਫ਼ਤਾਰੀ ਸਮੇਂ)ਤੈਨਾਤ ਰਾਕੇਸ਼ ਗੁਪਤਾ ਅਤੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਤਾਰਾਗੜ੍ਹ ਦੇ ਪ੍ਰਿੰਸਿਪਲ ਰਾਮਪਾਲ ਨੂੰ ਵਿਜੀਲੈਂਸ ਵੱਲੋਂ 1 ਨਵੰਬਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਮਾਮਲਾ ਫੰਡਾਂ ਵਿੱਚ 10 ਲੱਖ ਤੋਂ ਵੱਧ ਦੀ ਹੇਰਾਫੇਰੀ ਦਾ ਸੀ ਜੋ ਰਾਸ਼ਟਰੀ ਮਾਧਿਅਮਿਕ ਸਿੱਖਿਆ ਅਭਿਆਨ (RMSA) ਦੇ ਤਹਿਤ ਅਧਿਆਪਕਾਂ ਦੇ ਟ੍ਰੇਨਿੰਗ ਪ੍ਰੋਗਰਾਮ ਲਈ ਲਗਾਏ ਜਾਣ ਵਾਲੇ ਸੈਮੀਨਾਰਾਂ ਲਈ ਸਿੱਖਿਆ ਵਿਭਾਗ ਦੇ ‘ਡਾਈਟ’ ਗੁਰਦਾਸਪੁਰ (District Institute of Education and Training ) ਨੂੰ ਪ੍ਰਾਪਤ ਹੋਏ ਸਨ।
ਰਾਕੇਸ਼ ਗੁਪਤਾ ਤੇ ਅਧਿਆਪਕਾਂ ਦੀ ਟ੍ਰੇਨਿੰਗ ਲਈ ਸਾਲ 2016_17 ਦੌਰਾਨ ਲਗਾਏ ਗਏ ਸੈਮੀਨਾਰਾਂ ਵਿੱਚ ਵਰਤੇ ਗਏ ਟੈਂਟ ਦੇ ਸਮਾਨ, ਸਟੇਸ਼ਨਰੀ ਸਾਫ ਸਫਾਈ ਅਤੇ ਪਾਣੀ ਅਤੇ ਹੋਰ ਫੁਟਕਲ ਖਰਚੇ ਦੇ ਬੋਗਸ ਬਿਲ ਬਣਵਾ ਕੇ ਫੰਡਾਂ ਦੀ ਦੁਰਵਰਤੋਂ ਦੇ ਕਥਿਤ ਦੋਸ਼ ਲੱਗੇ ਸਨ ,ਜਿਸਦੀ ਐਫਆਈਆਰ ਨੂੰ 14, ਸ਼ਿਕਾਇਤ ਦੀ ਜਾਂਚ ਦੇ ਲਗਭਗ ਛੇ ਸਾਲ ਬਾਅਦ ਮਿਤੀ 01-11-2022 ਨੂੰ ਆਈਪੀਸੀ ਦੀਆਂ ਧਾਰਾਵਾਂ 409, 420, 467, 468, 471, 120-ਬੀ ਤਹਿਤ ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ (ਇੱਕਨੋਮਿਟ ਔਫੈਂਸ ਵਿੰਗ), ਲੁਧਿਆਣਾ ਵੱਲੋਂ ਦਰਜ ਕੀਤੀ ਗਈ ਸੀ। ਮਾਮਲੇ ਵਿੱਚ ਗ੍ਰਿਫਤਾਰੀ ਤੋਂ ਦੋ ਮਹੀਨੇ ਬਾਅਦ ਰਾਕੇਸ਼ ਗੁਪਤਾ ਨੂੰ 3 ਜਨਵਰੀ 2023 ਨੂੰ ਨਿਯਮਤ ਜ਼ਮਾਨਤ ਮਿਲ ਗਈ ਸੀ।
ਕੱਲ ਸਿੱਖਿਆ ਵਿਭਾਗ ਪੰਜਾਬ ਦੀ ਵਿਸ਼ੇਸ਼ ਸਕੱਤਰ ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਰਾਕੇਸ਼ ਗੁਪਤਾ ਦੀਆ ਸੇਵਾਵਾਂ ਨੂੰ ਉਹਨਾਂ ਦੇ ਖਿਲਾਫ਼ ਚੱਲ ਰਹੀ ਵਿਜੀਲੈਂਸ ਦੀ ਪੜਤਾਲ ਅਤੇ ਸਿੱਖਿਆ ਵਿਭਾਗ ਦੀ ਵਿਭਾਗੀ ਜਾਂਚ ਵਿੱਚ ਸਹਿਯੋਗ ਦੀ ਸ਼ਰਤ ਤੇ ਮੁੜ ਬਹਾਲ ਕਰ ਦਿੱਤਾ ਹੈ। ਫਿਲਹਾਲ ਉਨ੍ਹਾਂ ਨੂੰ ਅਹੁਦਾ ਅਤੇ ਸਟੇਸ਼ਨ ਅਲਾਟ ਨਹੀਂ ਕੀਤਾ ਗਿਆ ਹੈ ।