- ਵੱਡੇ ਭਰਾ ਨੂੰ ਦਿੱਤੇ ਪੈਸੇ, ਚੇਤਾਵਨੀ ਦੇ ਕੇ ਸਾਮਾਨ ਕੀਤਾ ਜ਼ਬਤ
ਸ੍ਰੀ ਅਨੰਦਪੁਰ ਸਾਹਿਬ, 25 ਮਾਰਚ 2024 – ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਹੋਲਾ ਮੁਹੱਲਾ ਵਿਖੇ ਲੜਕੀ ਦਾ ਰੱਸਾ ‘ਤੇ ਚੱਲਣ ਦਾ ਸਟੰਟ ਬੰਦ ਕਰਵਾਇਆ। ਬੈਂਸ ਨੇ ਲੜਕੀ ਦੇ ਵੱਡੇ ਭਰਾ ਨੂੰ ਪੈਸੇ ਵੀ ਦਿੱਤੇ, ਤਾਂ ਜੋ ਉਹ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਕੋਈ ਹੋਰ ਕੰਮ ਕਰ ਸਕੇ। ਦਰਅਸਲ ਹਰਜੋਤ ਬੈਂਸ ਸ੍ਰੀ ਆਨੰਦਪੁਰ ਸਾਹਿਬ ਦੇ ਦੌਰੇ ‘ਤੇ ਸਨ ਅਤੇ ਐਤਵਾਰ ਨੂੰ ਸ਼ੁਰੂ ਹੋਣ ਵਾਲੇ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਸਨ।
ਹਰਜੋਤ ਬੈਂਸ ਜਦੋਂ ਮੇਲੇ ਵਿੱਚ ਜਾਇਜ਼ਾ ਲੈ ਰਹੇ ਸਨ ਤਾਂ ਉਨ੍ਹਾਂ ਦਾ ਧਿਆਨ ਸਪੀਕਰਾਂ ਤੋਂ ਆ ਰਹੀ ਉੱਚੀ ਆਵਾਜ਼ ਵੱਲ ਖਿੱਚਿਆ ਗਿਆ। ਫੇਰ ਮੰਤਰੀ ਦੀ ਨਜ਼ਰ 10 ਸਾਲ ਤੋਂ ਘੱਟ ਉਮਰ ਦੀ ਲੜਕੀ ‘ਤੇ ਪਈ। ਲੜਕੀ ਰੱਸੀ ‘ਤੇ ਚੱਲ ਰਹੀ ਸੀ ਅਤੇ ਆਪਣੇ ਆਪ ਨੂੰ ਸੰਤੁਲਿਤ ਕਰਨ ਲਈ ਉਸ ਦੇ ਹੱਥ ਵਿਚ ਇਕ ਲੰਬੀ ਸੋਟੀ ਫੜੀ ਹੋਈ ਸੀ। ਇਹ ਦੇਖ ਕੇ ਹਰਜੋਤ ਬੈਂਸ ਤੁਰੰਤ ਉਸ ਵੱਲ ਵਧਿਆ ਅਤੇ ਲੜਕੀ ਨੂੰ ਫੜ ਕੇ ਰੱਸੀ ਨਾਲ ਹੇਠਾਂ ਉਤਾਰਿਆ ਲਿਆ।
ਲੜਕੀ ਦੇ ਭਰਾ ਨੇ ਹਰਜੋਤ ਸਿੰਘ ਬੈਂਸ ਨੂੰ ਦੱਸਿਆ ਕਿ ਉਹ ਗਰੀਬ ਪਰਿਵਾਰ ਤੋਂ ਹੈ ਅਤੇ ਇਹ ਉਸ ਦਾ ਪੇਸ਼ਾ ਹੈ। ਜਿਸ ਤੋਂ ਬਾਅਦ ਹਰਜੋਤ ਬੈਂਸ ਨੇ ਗੁੱਸੇ ਵਿਚ ਆ ਕੇ ਕਿਹਾ ਕਿ ਲੜਕੀ ਦੀ ਸਕੂਲ ਜਾਣ ਦੀ ਉਮਰ ਦੀ ਹੈ ਅਤੇ ਤੁਸੀਂ ਉਸ ਤੋਂ ਇਹ ਕੰਮ ਕਰਵਾ ਰਹੇ ਹੋ। ਜੇਕਰ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਦੱਸੋ, ਉਹ ਕੰਮ ‘ਤੇ ਲਗਵਾ ਦੇਣਗੇ, ਪਰ ਇਹ ਕੰਮ ਸਹੀ ਨਹੀਂ ਹੈ। ਹਰਜੋਤ ਬੈਂਸ ਨੇ ਆਪਣੀ ਜੇਬ ‘ਚੋਂ ਪੈਸੇ ਕੱਢ ਕੇ ਲੜਕੀ ਦੇ ਭਰਾ ਨੂੰ ਦਿੱਤੇ।
ਹਰਜੋਤ ਸਿੰਘ ਬੈਂਸ ਨੇ ਸਮਝਾਇਆ ਕਿ ਉਹ ਸਾਮਾਨ ਲਿਆ ਕੇ ਇੱਥੇ ਵੇਚਣ, ਪਰ ਇਹ ਸਟੰਟ ਕਰਨਾ ਠੀਕ ਨਹੀਂ ਹੈ। ਉਸ ਨੇ ਤੁਰੰਤ ਪੁਲੀਸ ਨੂੰ ਸਾਮਾਨ ਜ਼ਬਤ ਕਰਨ ਦੇ ਹੁਕਮ ਦਿੱਤੇ। ਜਿਸ ਤੋਂ ਬਾਅਦ ਪੁਲਿਸ ਨੇ ਲੜਕੇ ਦਾ ਸਮਾਨ ਜ਼ਬਤ ਕਰ ਲਿਆ। ਇਸ ਦੇ ਨਾਲ ਹੀ ਉਸ ਨੇ ਉਸ ਨੂੰ ਸਮਝਾਇਆ ਕਿ ਉਹ ਲੜਕੀ ਨੂੰ ਪੜ੍ਹਨ ਲਈ ਸਕੂਲ ਭੇਜ ਦੇਵੇ।
ਹਰਜੋਤ ਸਿੰਘ ਬੈਂਸ ਨੇ ਇਸ ਦੌਰਾਨ ਲੜਕੀ ਦੇ ਭਰਾ ਨੂੰ ਚੇਤਾਵਨੀ ਵੀ ਦਿੱਤੀ। ਬੈਂਸ ਨੇ ਕਿਹਾ ਕਿ ਉਹ ਇਸ ਵਾਰ ਉਸ ਨੂੰ ਛੱਡ ਰਹੇ ਹਨ। ਜੇਕਰ ਉਹ ਹੁਣ ਅਜਿਹਾ ਕਰਦਾ ਦੇਖਿਆ ਗਿਆ ਤਾਂ ਅਸੀਂ ਉਸ ਵਿਰੁੱਧ ਕੇਸ ਦਰਜ ਕਰਾਂਗੇ। ਲੋਕ ਇੱਥੇ ਤਮਾਸ਼ਾ ਦੇਖ ਰਹੇ ਹਨ, ਪਰ ਜੇਕਰ ਲੜਕੀ ਨੂੰ ਸੱਟ ਲੱਗੀ ਤਾਂ ਕੌਣ ਜ਼ਿੰਮੇਵਾਰ ਹੋਵੇਗਾ ?