- ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ 22 ਕਰੋੜ ਦੀ ਲਾਗਤ ਨਾਲ 19 ਕਿਲੋਮੀਟਰ ਲੰਬੇ ਬੋਹਾ ਰਜ਼ਵਾਹੇ ਦੇ ਪੱਕਾ ਹੋਣ ’ਤੇ ਕੀਤਾ ਉਦਘਾਟਨ
ਬੁਢਲਾਡਾ/ਮਾਨਸਾ 02, ਮਾਰਚ 2024 – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਅੰਦਰ ਨਹਿਰੀ ਢਾਂਚੇ ਨੂੰ ਮੁੜ ਸੁਰਜੀਤ ਕਰਨ ਲਈ ਵੱਡੇ ਪੱਧਰ ’ਤੇ ਉਪਰਾਲੇ ਕਰ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਲ ਸਰੋਤ ਅਤੇ ਮਾਈਨਿੰਗ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਨੇ ਸਬ ਡਵੀਜ਼ਨ ਬੁਢਲਾਡਾ ਵਿਖੇ 22 ਕਰੋੜ ਦੀ ਲਾਗਤ ਨਾਲ 19 ਕਿਲੋਮੀਟਰ ਲੰਬੇ ਬੋਹਾ ਰਜ਼ਵਾਹੇ ਦੇ ਪੱਕਾ ਹੋਣ ’ਤੇ ਰਸਮੀ ਉਦਘਾਟਨ ਕਰਨ ਵੇਲੇ ਕੀਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਬੋਹਾ ਰਜ਼ਵਾਹਾ ਕੰਕਰੀਟ ਲਾਈਨਿਗ ਦਾ ਕੰਮ ਮੁਕੰਮਲ ਹੋਣ ਨਾਲ ਹਲਕਾ ਬੁਢਲਾਡਾ ਦੇ 40 ਪਿੰਡਾਂ ਦੇ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ ਅਤੇ 1 ਲੱਖ ਏਕੜ ਰਕਬੇ ਤੋਂ ਵਧੇਰੇ ਰਕਬੇ ਨੂੰ ਸਿੰਚਾਈ ਲਈ ਪਾਣੀ ਮਿਲੇਗਾ। ਇਸ ਦੇ ਨਾਲ ਹੀ ਹੁਣ ਟੇਲਾਂ ਤੱਕ ਪੂਰਾ ਪਾਣੀ ਮਿਲੇਗਾ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਦੀ ਵਰਤੋਂ ਜ਼ਿਆਦਾ ਹੋਣ ਨਾਲ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ ਅਤੇ ਖੇਤੀ ਲਈ ਵਰਤੀ ਜਾਣ ਵਾਲੀ ਬਿਜਲੀ ਦੀ ਵਧੇਰੇ ਬਚਤ ਹੁੰਦੀ ਹੈ। ਉਨ੍ਹਾਂ ਸੂਬੇ ਦੇ ਕਿਸਾਨਾਂ ਨੂੰ ਤੁਪਕਾ ਸਿੰਚਾਈ ਪ੍ਰਣਾਲੀ ’ਤੇ ਰਾਜ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਦਾ ਲਾਭ ਲੈਣ ਅਤੇ ਇਸ ਯੋਜਨਾ ਨੂੰ ਅਪਨਾਉਣ ਦਾ ਸੱਦਾ ਦਿੱਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਪਾਣੀਆਂ ਨੂੰ ਕਦੇ ਸਾਂਭਣ ਦੀ ਗੱਲ ਨਹੀ ਕੀਤੀ, ਪਰ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਹਿੱਸੇ ਦਾ ਬੂੰਦ-ਬੂੰਦ ਪਾਣੀ ਪੰਜਾਬ ਦੇ ਲੋਕਾਂ ਲਈ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਦੇ ਨਾਲ-ਨਾਲ ਬਾਗ ਲਗਾਉਣ ਲਈ ਨਹਿਰੀ ਪਾਣੀ ਵਧੇਰੇ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਹੈ ਜਿਸਦੇ ਵੱਲੋਂ 2 ਸਾਲ ’ਚ ਸੂਬੇ ਅੰਦਰ 15 ਹਜ਼ਾਰ ਕਿਲੋਮੀਟਰ ਸੂਏ, ਨਹਿਰਾਂ, ਖਾਲਾਂ ਬਣਾ ਕੇ ਕਿਸਾਨਾਂ ਦੇ ਸਪੁਰਦ ਕੀਤੀਆ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹਰੇਕ ਕਦਮ ਪੰਜਾਬ ਦੇ ਲੋਕਾਂ ਦੇ ਭਲੇ ਲਈ ਹੈ ਅਤੇ ਉਹ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਸੋਚਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਰੱਖਿਆ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਜਵਾਨਾਂ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਮੁਹੱਈਆ ਕਰਵਾਉਣ ਵਾਲੀ ਆਮ ਆਦਮੀ ਪਾਰਟੀ ਸੂਬੇ ਦੀ ਪਹਿਲੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸੂਬੇ ਦੇ ਲੋਕਾਂ ਨਾਲ ਕੀਤਾ ਇਕ ਇਕ ਵਾਅਦਾ ਹਰ ਹੀਲੇ ਪੂਰਾ ਕੀਤਾ ਜਾਵੇਗਾ। ਉਨ੍ਹਾਂ ਵਿਧਾਇਕ ਬੁੱਧ ਰਾਮ ਵੱਲੋਂ ਹਲਕੇ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਦੀ ਖੂਬ ਸ਼ਲਾਘਾ ਕੀਤੀ। ਇਸ ਉਪਰੰਤ ਉਨ੍ਹਾਂ ਲੋਕਾਂ ਦੀਆਂ ਵਿਭਾਗ ਨਾਲ ਸਬੰਧਤ ਮੁਸ਼ਕਿਲਾਂ ਸੁਣੀਆਂ ਅਤੇ ਮੰਗ ਪੱਤਰ ਲੈਂਦਿਆਂ ਜਲਦੀ ਢੁਕਵੇਂ ਹੱਲ ਦਾ ਭਰੋਸਾ ਦਿੱਤਾ।
ਇਸ ਤੋਂ ਪਹਿਲਾ ਹਲਕਾ ਵਿਧਾਇਕ ਬੁਢਲਾਡਾ ਅਤੇ ਕਾਰਜ਼ਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪ੍ਰਿੰਸੀਪਲ ਬੁੱਧ ਰਾਮ ਨੇ ਕੈਬਨਿਟ ਮੰਤਰੀ ਨੂੰ ਜੀ ਆਇਆ ਆਖਦਿਆਂ ਕਿ ਕਿਹਾ ਕਿ ਹਲਕੇ ਵਿੱਚ ਨਹਿਰੀ ਪਾਣੀ ਦੀ ਮੁੱਖ ਮੰਗ ਸੀ ਜਿਸ ਨੂੰ ਰਾਜ ਸਰਕਾਰ ਵੱਲੋਂ ਪੂਰਾ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਬਹੁਤ ਜਲਦ ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਵਾਟਰਵਰਕਸਾਂ ਨੂੰ ਨਹਿਰਾਂ ਨਾਲ ਜੋੜਿਆ ਜਾਵੇਗਾ, ਤਾਂ ਜੋ ਲੋਕਾਂ ਨੂੰ ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਨਿਜਾਤ ਦਿਵਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਅੰਦਰ ਸੂਬਾ ਸਿਹਤ, ਸਿੱਖਿਆ ਅਤੇ ਵਿੱਦਿਆ ਦੇ ਖੇਤਰ ’ਚ ਬੁਲੰਦੀਆਂ ਨੂੰ ਛੂਹ ਰਿਹਾ ਹੈ ਅਤੇ ਰਾਜ ਸਰਕਾਰ ਵੱਲੋਂ ਪੰਜਾਬ ਦੇ ਨੋਜਵਾਨਾਂ ਨੂੰ ਵਿੱਦਿਅਕ ਯੋਗਤਾ ਦੇ ਆਧਾਰ ’ਤੇ ਲਗਾਤਾਰ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਵਿਧਾਇਕ ਬੁੱਧ ਰਾਮ ਨੇ ਕੈਬਨਿਟ ਮੰਤਰੀ ਕੋਲ ਮੰਗ ਰੱਖੀ ਕਿ 33 ਮੋਘਿਆਂ ’ਤੇ ਪਾਈਪ ਲਾਈਨ ਪੈ ਚੁੱਕੀ ਹੈ ਅਤੇ ਬਾਕੀ ਰਹਿੰਦੇ 100 ਮੋਘਿਆਂ ’ਤੇ ਇਸ ਸਾਲ ਪਾਈਪ ਲਾਈਨ ਪਾਈ ਜਾਵੇ ਤਾਂ ਜੋ ਟੇਲਾਂ ਤੱਕ ਪੂਰਾ ਪਾਣੀ ਪਹੁੰਚੇ।
ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਚਰਨਜੀਤ ਸਿੰਘ ਅੱਕਾਂਵਾਲੀ, ਚੇਅਰਮੈਨ ਮਾਰਕੀਟ ਕਮੇਟੀ ਮਾਨਸਾ ਗੁਰਪ੍ਰੀਤ ਸਿੰਘ ਭੁੱਚਰ, ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ ਸਤੀਸ਼ ਸਿੰਗਲਾ, ਚੇਅਰਮੈਨ ਮਾਰਕੀਟ ਕਮੇਟੀ ਬਰੇਟਾ ਚਮਕੌਰ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਬੋਹਾ ਰਣਜੀਤ ਸਿੰਘ ਫਰੀਦਕੇ, ਚੇਅਰਮੈਨ ਸੈਂਟਰਲ ਕੋਪਰੇਟਿਵ ਬੈਂਕ ਜ਼ਿਲ੍ਹਾ ਮਾਨਸਾ ਸੋਹਣ ਸਿੰਘ ਕਲੀਪੁਰ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਉਡਾਲ, ਕਾਕੂ ਬਰੇਟਾ, ਪ੍ਰੀਤ ਕੁਮਾਰ, ਕੇਵਲ ਸ਼ਰਮਾ ਸ਼ਹਿਰੀ ਪ੍ਰਧਾਨ ਬਰੇਟਾ, ਜਗਤਾਰ ਸਿੰਘ ਕਾਨਗੜ੍ਹ, ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਹਰਦੇਵ ਸਿੰਘ, ਗੁਰਦਰਸ਼ਨ ਸਿੰਘ (ਸਹਾਇਕ ਐਮ.ਐਲ.ਏ. ਬੁਢਲਾਡਾ) ਤੋਂ ਇਲਾਵਾ ਨਹਿਰੀ ਵਿਭਾਗ ਦੇ ਐਸ.ਈ. ਸੁਰਜੀਤ ਸਿੰਘ ਭੁੱਲਰ, ਐਕਸੀਅਨ ਨਵਦੀਪ ਸਿੰਘ ਘੁੰਮਣ ਅਤੇ ਐਸ.ਡੀ.ਓ. ਗੁਰਜੀਤ ਸਿੰਘ ਹਾਜ਼ਰ ਸਨ।