ਲੁਧਿਆਣਾ ‘ਚ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ

ਲੁਧਿਆਣਾ, 5 ਮਈ 2022 – ਪੰਜਾਬ ਦੇ ਸ਼ਹਿਰ ਲੁਧਿਆਣਾ ‘ਚ ਬੁੱਧਵਾਰ ਦੇਰ ਰਾਤ ਥਾਣਾ ਸਰਾਭਾ ਨਗਰ ਅਧੀਨ ਪੈਂਦੇ ਭਾਈ ਰਣਧੀਰ ਸਿੰਘ (ਬੀ.ਆਰ.ਐੱਸ.) ਨਗਰ ‘ਚ ਦੋਹਰੇ ਕਤਲ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸੀਪੀਡਬਲਿਊਡੀ ਦੇ ਸੇਵਾਮੁਕਤ ਅਧਿਕਾਰੀ ਅਤੇ ਉਨ੍ਹਾਂ ਦੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਹੈ। ਇਹ ਜੋੜਾ ਇਲਾਕੇ ਦੇ ਡੀ-ਬਲਾਕ ਵਿੱਚ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਦੇ ਨਾਲ ਲੱਗਦੀ ਗਲੀ ਦੇ ਬਿਲਕੁਲ ਸਾਹਮਣੇ ਇੱਕ ਮਕਾਨ ਵਿੱਚ ਰਹਿੰਦਾ ਸੀ।

ਮ੍ਰਿਤਕਾਂ ਦੀ ਪਛਾਣ ਸੁਖਦੇਵ ਸਿੰਘ ਲੋਟੇ (60) ਅਤੇ ਉਸ ਦੀ ਪਤਨੀ ਗੁਰਮੀਤ ਕੌਰ (64) ਵਜੋਂ ਹੋਈ ਹੈ। ਸੁਖਦੇਵ ਸਿੰਘ ਦੇ ਤਿੰਨ ਬੱਚੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸਿਰਫ 20 ਮਿੰਟਾਂ ‘ਚ ਵਾਪਰੀ। ਦੋਸ਼ੀ ਘਰ ‘ਚ ਦਾਖਲ ਹੁੰਦਾ ਹੈ ਅਤੇ ਕੁਝ ਸਮੇਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੰਧ ‘ਤੇ ਚੜ੍ਹ ਕੇ ਫਰਾਰ ਹੋ ਜਾਂਦਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਰਾਭਾ ਨਗਰ ਦੀ ਪੁਲਸ ਮੌਕੇ ‘ਤੇ ਪਹੁੰਚ ਗਈ।

ਮ੍ਰਿਤਕ ਜੋੜੇ ਦੇ ਦੋ ਲੜਕੇ ਲੱਕੀ ਅਤੇ ਰਾਜੂ ਵਿਦੇਸ਼ ਰਹਿੰਦੇ ਹਨ। ਉਸ ਦੀ ਇੱਕ ਧੀ ਰਿੰਪੀ ਦਾ ਵਿਆਹ ਲੁਧਿਆਣਾ ਦੇ ਅਗਰ ਨਗਰ ਵਿੱਚ ਹੀ ਹੋਇਆ ਹੈ। ਉਹ ਆਪਣੇ ਪਿਤਾ ਦਾ ਫੋਨ ਬੰਦ ਹੋਣ ‘ਤੇ ਮਿਲਣ ਆਈ ਸੀ ਪਰ ਘਰ ਦਾ ਦਰਵਾਜ਼ਾ ਖੁੱਲ੍ਹਾ ਮਿਲਿਆ ਤਾਂ ਉਹ ਸਿੱਧਾ ਅੰਦਰ ਚਲੀ ਗਈ ਅਤੇ ਇਹ ਸਭ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ। ਗੁਆਂਢੀਆਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਰਿੰਪੀ ਨੇ ਦੱਸਿਆ ਕਿ ਪਿਤਾ ਸੁਖਦੇਵ ਸਿੰਘ ਉਸ ਨਾਲ ਫੋਨ ‘ਤੇ ਗੱਲ ਕਰ ਰਿਹਾ ਸੀ। ਅਚਾਨਕ ਫੋਨ ਬੰਦ ਹੋ ਗਿਆ ਤਾਂ ਉਹ ਆਪਣੇ ਪਿਤਾ ਨੂੰ ਮਿਲਣ ਆਈ ਸੀ।

ਜਾਂਚ ਦੌਰਾਨ ਪੁਲੀਸ ਨੂੰ ਕਮਰੇ ਵਿੱਚੋਂ ਪਾਣੀ ਦੇ 3 ਗਲਾਸ ਮਿਲੇ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਮਲਾਵਰ ਪਹਿਲਾਂ ਪਤੀ-ਪਤਨੀ ਦੇ ਕੋਲ ਹੀ ਬੈਠਾ ਹੋਵੇਗਾ ਅਤੇ ਕਿਸੇ ਗੱਲ ਨੂੰ ਲੈ ਕੇ ਗੱਲਬਾਤ ਕੀਤੀ ਹੋਵੇਗੀ। ਹਮਲਾਵਰ ਨੂੰ ਪਤੀ-ਪਤਨੀ ਨੇ ਪਾਣੀ ਪਿਲਾਇਆ ਹੋਵੇਗਾ, ਜਿਸ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਪੁਲਿਸ ਵੱਖ-ਵੱਖ ਥਿਊਰੀਆਂ ‘ਤੇ ਕੰਮ ਕਰ ਰਹੀ ਹੈ। ਜਿਸ ਕਮਰੇ ਵਿੱਚ ਕਤਲ ਹੋਇਆ ਸੀ, ਉਸ ਤੋਂ ਪੁਲੀਸ ਨੇ ਕਈ ਸੈਂਪਲ ਵੀ ਲਏ ਹਨ। ਪੁਲੀਸ ਨੂੰ ਮੁਲਜ਼ਮਾਂ ਦੀਆਂ ਜੁੱਤੀਆਂ ਦੇ ਨਿਸ਼ਾਨ ਵੀ ਮਿਲੇ ਹਨ ਕਿਉਂਕਿ ਜਦੋਂ ਮੁਲਜ਼ਮ ਘਰ ਦੀ ਕੰਧ ਟੱਪ ਕੇ ਗਿਆ ਤਾਂ ਉਸ ਦੇ ਪੈਰ ਘਰ ਦੇ ਬਾਹਰ ਲੱਗੇ ਬਗੀਚੇ ਵਿੱਚ ਮਿੱਟੀ ਵਿੱਚ ਮਿਲ ਗਏ।

ਰਿੰਪੀ ਨੇ ਦੱਸਿਆ ਕਿ ਉਹ 20 ਮਿੰਟਾਂ ਵਿੱਚ ਘਰ ਪਹੁੰਚ ਗਈ ਸੀ। ਇਸ ਵਾਰਦਾਤ ਨੂੰ 20 ਮਿੰਟ ਦੇ ਅੰਦਰ ਅੰਜਾਮ ਦਿੱਤਾ ਗਿਆ। ਰਿੰਪੀ ਨੇ ਦੱਸਿਆ ਕਿ ਮਾਪਿਆਂ ਨੇ 15 ਮਈ ਨੂੰ ਆਪਣੇ ਬੇਟੇ ਲੱਕੀ ਕੋਲ ਕੈਨੇਡਾ ਜਾਣਾ ਸੀ। ਇਸ ਕਰਕੇ ਉਹ ਸ਼ਾਪਿੰਗ ਆਦਿ ਲਈ ਜਾਂਦੀ ਸੀ। ਸੁਖਦੇਵ ਸਿੰਘ ਦਾ ਦੂਜਾ ਪੁੱਤਰ ਰਾਜੂ ਸਕਾਟਲੈਂਡ ਰਹਿੰਦਾ ਹੈ। ਸੁਖਦੇਵ ਸਿੰਘ ਦੇ ਇਲਾਕੇ ਦੇ ਲੋਕਾਂ ਨਾਲ ਚੰਗੇ ਸਬੰਧ ਸਨ। ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ।

ਘਟਨਾ ਦਾ ਪਤਾ ਲੱਗਦਿਆਂ ਹੀ ਏਡੀਸੀਪੀ ਅਸ਼ਵਨੀ ਗੋਟਿਆਲ, ਏਡੀਸੀਪੀ ਪ੍ਰਗਿਆ ਜੈਨ, ਡੀਸੀਪੀ ਸਿਮਰਨਜੀਤ ਸਿੰਘ, ਐਸਐਚਓ ਸੁਨੀਤਾ ਕੌਰ ਮੌਕੇ ’ਤੇ ਪਹੁੰਚ ਗਏ। ਪੁਲਿਸ ਨੇ ਮੌਕੇ ਤੋਂ ਕਈ ਸੁਰਾਗ ਇਕੱਠੇ ਕੀਤੇ ਹਨ। ਇਲਾਕੇ ਵਿੱਚ ਲੱਗੇ ਸੀਸੀਟੀਵੀ ਅਤੇ ਸੇਫ਼ ਸਿਟੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਗਈ ਹੈ। ਪੁਲਿਸ ਰਾਤ ਕਰੀਬ 1.30 ਵਜੇ ਤੱਕ ਭਾਈ ਰਣਧੀਰ ਸਿੰਘ (ਬੀ.ਆਰ.ਐਸ.) ਨਗਰ ਵਿੱਚ ਮੁਲਜ਼ਮਾਂ ਖ਼ਿਲਾਫ਼ ਸੁਰਾਗ ਇਕੱਠਾ ਕਰਦੀ ਰਹੀ।

ਘਟਨਾ ਦਾ ਪਤਾ ਲੱਗਦਿਆਂ ਹੀ ਸ਼ਹਿਰ ਦੇ ਕਰੀਬ 10 ਥਾਣਿਆਂ ਦੀ ਪੁਲਸ ਮੌਕੇ ‘ਤੇ ਪਹੁੰਚੀ। ਭਾਈ ਰਣਧੀਰ ਸਿੰਘ (ਬੀ.ਆਰ.ਐਸ.) ਨਗਰ ਨੂੰ ਪੁਲਿਸ ਨੇ ਚਾਰੋਂ ਪਾਸਿਓਂ ਸੀਲ ਕਰ ਦਿੱਤਾ ਸੀ। ਪੂਰੇ ਇਲਾਕੇ ‘ਚ ਪੁਲਸ ਫੋਰਸ ਤਾਇਨਾਤ ਸੀ। ਇਲਾਕੇ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਲੋਕਾਂ ਮੁਤਾਬਕ ਮਾਮਲਾ ਸ਼ੱਕੀ ਜਾਪਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਕਈ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਹਨ।

ਦੇਰ ਰਾਤ ਮੌਕੇ ’ਤੇ ਪੁੱਜੇ ਪੁਲੀਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਕਿਹਾ ਕਿ ਮਾਮਲਾ ਸ਼ੱਕੀ ਜਾਪਦਾ ਹੈ। ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਗਿਆ ਹੈ। ਇਲਾਕੇ ਦੀ ਸੀਸੀਟੀਵੀ ਚੈਕਿੰਗ ਕੀਤੀ ਜਾਵੇਗੀ। ਪੁਲੀਸ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਸ਼ਾ ਵੇਚਣ ਦੀ ਵਾਇਰਲ ਵੀਡੀਓ ‘ਤੇ ਪੁਲਿਸ ਦੀ ਕਾਰਵਾਈ, ਨਸ਼ਾ ਵੇਚਣ ਵਾਲੇ 7 ਗ੍ਰਿਫਤਾਰ

ਜਲੰਧਰ ‘ਚ ਪਲਟੀ ਸਵਾਰੀਆਂ ਨਾਲ ਭਰੀ ਬੋਲੈਰੋ: 6 ਜ਼ਖਮੀ