ਜਲੰਧਰ, 3 ਮਈ 2024 – ਪੰਜਾਬ ਦੇ ਜਲੰਧਰ ਦੇ ਗੁਰਾਇਆ ਕਸਬੇ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ। ਇਥੇ ਇਕ ਮਿੰਨੀ ਬੱਸ ਚਾਲਕ ਦੀ ਲਾਪਰਵਾਹੀ ਕਾਰਨ ਬਜ਼ੁਰਗ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਬਲਵੀਰ ਕੌਰ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਜ਼ੁਰਗ ਔਰਤ ਬਲਬੀਰ ਕੌਰ ਗੁਰਾਇਆ ਦੇ ਪਿੰਡ ਕਾਹਾਨਾ ਢੇਸੀਆਂ ਸਥਿਤ ਸਰਕਾਰੀ ਹਸਪਤਾਲ ਤੋਂ ਦਵਾਈ ਲੈਣ ਆਈ ਸੀ। ਦਵਾਈ ਲੈਣ ਤੋਂ ਬਾਅਦ ਉਹ ਮਿੰਨੀ ਬੱਸ ਵਿੱਚ ਸਵਾਰ ਹੋ ਕੇ ਆਪਣੇ ਪਿੰਡ ਪਰਤ ਰਹੀ ਸੀ। ਇਸ ਦੌਰਾਨ ਬੱਸ ਚਾਲਕ ਨੇ ਬੱਸ ਨੂੰ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਭਜਾਇਆ। ਜਦੋਂ ਬੱਸ ਚਾਲਕ ਨੇ ਪਿੰਡ ਨੇੜੇ ਅਚਾਨਕ ਮੋੜ ਮੋੜਿਆ ਤਾਂ ਬਲਵੀਰ ਕੌਰ ਬੱਸ ਦੇ ਦਰਵਾਜ਼ੇ ਤੋਂ ਬਾਹਰ ਡਿੱਗ ਗਈ ਅਤੇ ਗੰਭੀਰ ਜ਼ਖ਼ਮੀ ਹੋ ਗਈ। ਸਵਾਰੀਆਂ ਨੇ ਬੱਸ ਡਰਾਈਵਰ ਨੂੰ ਦੱਸਿਆ ਪਰ ਉਸ ਨੇ ਬੱਸ ਨਹੀਂ ਰੋਕੀ। ਕਰੀਬ ਦੋ ਕਿਲੋਮੀਟਰ ਬਾਅਦ ਜਾ ਕੇ ਬੱਸ ਰੁਕੀ।
ਬਜ਼ੁਰਗ ਔਰਤ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਜਿੱਥੇ ਇਲਾਜ ਦੌਰਾਨ ਬਜ਼ੁਰਗ ਔਰਤ ਦੀ ਰਾਤ ਨੂੰ ਮੌਤ ਹੋ ਗਈ। ਪੁਲੀਸ ਨੇ ਉਕਤ ਬੱਸ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਹੈ।