- ਚੰਡੀਗੜ੍ਹ ‘ਚ ‘ਆਪ’ ਅਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਲਈ ਚੋਣ ਪ੍ਰਚਾਰ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ- ਅਸੀਂ ਚੰਡੀਗੜ੍ਹ ਤੋਂ ਭਾਜਪਾ ਨੂੰ ਹਰਾਉਣਾ ਹੈ
- ਕਿਰਨ ਖੇਰ 10 ਸਾਲ ਤੁਹਾਡੀ ਸਾਂਸਦ ਰਹੀ, ਉਹ ਚੋਣਾਂ ਤੋਂ ਬਾਅਦ ਤੁਹਾਨੂੰ ਕਦੀ ਮਿਲਣ ਵੀ ਨਹੀਂ ਆਈ: ਅਰਵਿੰਦ ਕੇਜਰੀਵਾਲ
ਚੰਡੀਗੜ੍ਹ, 30 ਮਈ 2024: ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਸ਼ਾਮ ਨੂੰ ਚੰਡੀਗੜ੍ਹ ‘ਚ ‘ਆਪ’ ਅਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਲਈ ਚੋਣ ਪ੍ਰਚਾਰ ਕੀਤਾ। ਕੇਜਰੀਵਾਲ ਨੇ ਕਿਹਾ ਕਿ ‘ਚੰਗੇ ਦਿਨ ਆਉਣ ਵਾਲੇ ਹਨ, ਮੋਦੀ ਜੀ ਜਾਣ ਵਾਲੇ ਹਨ।’
ਕੇਜਰੀਵਾਲ ਨੇ ਉਮੀਦਵਾਰ ਮਨੀਸ਼ ਤਿਵਾੜੀ ਦੇ ਨਾਲ ਚੰਡੀਗੜ੍ਹ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਦੀ ਅਗਵਾਈ ਕੀਤੀ ਅਤੇ ਲੋਕਾਂ ਨੂੰ ਚੰਡੀਗੜ੍ਹ ਵਿੱਚ ਆਪ ਅਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਨੂੰ ਚੁਣਨ ਦੀ ਅਪੀਲ ਕੀਤੀ। ਕੇਜਰੀਵਾਲ ਨੇ ਕਿਹਾ ਕਿ ਇਹ ਸਾਡੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ।
ਰੈਲੀ ‘ਚ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਵੱਡੀ ਗਿਣਤੀ ‘ਚ ਸ਼ਾਮਿਲ ਹੋਣ ਲਈ ਲੋਕਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਚੋਣਾਂ ਦਾ ਐਲਾਨ ਹੁੰਦੇ ਹੀ ਭਾਜਪਾ ਨੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ। ਉਹ ਉੱਥੇ ਲੋਕਾਂ ਨੂੰ ਬਹੁਤ ਯਾਦ ਕਰਦੇ ਸਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਚੋਣ ਪ੍ਰਚਾਰ ਕਰਨ ਲਈ ਜ਼ਮਾਨਤ ਦੇ ਦਿੱਤੀ ਅਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਭਾਰਤ ਵਿੱਚ ਕਈ ਥਾਵਾਂ ‘ਤੇ ਗਏ ਅਤੇ ਇੱਕ ਗੱਲ ਵੇਖੀ ਕਿ ਭਾਜਪਾ ਅਤੇ ਨਰਿੰਦਰ ਮੋਦੀ ਬੁਰੀ ਤਰ੍ਹਾਂ ਹਾਰ ਰਹੇ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਵਾਲਿਆਂ ਨੇ ਮੈਨੂੰ ਜੇਲ੍ਹ ਵਿੱਚ ਤੋੜਨ ਦੀ ਹਰ ਕੋਸ਼ਿਸ਼ ਕੀਤੀ। ਮੈਂ 20 ਸਾਲਾਂ ਤੋਂ ਸ਼ੂਗਰ ਦਾ ਮਰੀਜ਼ ਹਾਂ। ਪਿਛਲੇ ਦਸ ਸਾਲਾਂ ਤੋਂ ਮੈਂ ਹਰ ਰੋਜ਼ 52 ਯੂਨਿਟ ਇਨਸੁਲਿਨ ਲੈ ਰਿਹਾ ਹਾਂ, ਇਹ ਜਾਣ ਕੇ ਉਨ੍ਹਾਂ ਨੇ ਜੇਲ੍ਹ ਵਿੱਚ ਮੇਰੀ ਇਨਸੁਲਿਨ ਬੰਦ ਕਰ ਦਿੱਤੀ। ਜਿਸ ਕਾਰਨ ਮੇਰਾ ਸ਼ੂਗਰ ਲੈਵਲ ਕਾਫੀ ਵੱਧ ਗਿਆ। ਜੇਕਰ ਕਿਸੇ ਵਿਅਕਤੀ ਦਾ ਸ਼ੂਗਰ ਲੈਵਲ ਲੰਬੇ ਸਮੇਂ ਤੱਕ ਉੱਚਾ ਰਹਿੰਦਾ ਹੈ ਤਾਂ ਉਸ ਦਾ ਲੀਵਰ ਅਤੇ ਕਿਡਨੀ ਵੀ ਖਰਾਬ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਭਾਜਪਾ ਉਨ੍ਹਾਂ ਨਾਲ ਕੀ ਕਰਨਾ ਚਾਹੁੰਦੀ ਹੈ ਪਰ ਉਹ ਇਮਾਨਦਾਰ ਵਿਅਕਤੀ ਹਨ। ‘ਆਪ’ ਸੁਪਰੀਮੋ ਨੇ ਕਿਹਾ ਕਿ ਜੇਕਰ ਮੈਂ ਇਮਾਨਦਾਰ ਨਹੀਂ ਹਾਂ ਤਾਂ ਇਸ ਦੁਨੀਆ ‘ਚ ਕੋਈ ਵੀ ਇਮਾਨਦਾਰ ਨਹੀਂ ਹੈ।
ਕੇਜਰੀਵਾਲ ਨੇ ਕਿਰਨ ਖੇਰ ‘ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਚੰਡੀਗੜ੍ਹ ਦੇ ਲੋਕ ਭਾਜਪਾ ਨੂੰ ਆਪਣੀ ਵੋਟ ਦਿੰਦੇ ਰਹੇ ਹਨ ਪਰ ਉਨ੍ਹਾਂ ਨੇ ਇੱਥੋਂ ਦੇ ਲੋਕਾਂ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਿਰਨ ਖੇਰ 10 ਸਾਲਾਂ ਤੋਂ ਉਨ੍ਹਾਂ ਦੀ ਸੰਸਦ ਮੈਂਬਰ ਰਹੀ ਹੈ ਪਰ ਉਹ ਕਦੇ ਚੰਡੀਗੜ੍ਹ ਦੇ ਲੋਕਾਂ ਨੂੰ ਮਿਲਣ ਵੀ ਨਹੀਂ ਆਈ। ਕੇਜਰੀਵਾਲ ਨੇ ਲੋਕਾਂ ਨੂੰ ਮਨੀਸ਼ ਤਿਵਾੜੀ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਅਸੀਂ ਮਿਲ ਕੇ ਇਸ ਵਾਰ ਭਾਜਪਾ ਨੂੰ ਹਰਾਉਣਾ ਹੈ।