ਪੰਜਾਬ ‘ਚ ਹੜ੍ਹਾਂ ਨਾਲ ਪ੍ਰਭਾਵਿਤ ਸਾਰੀਆਂ 595 ਥਾਵਾਂ ’ਤੇ ਬਿਜਲੀ ਸਪਲਾਈ ਬਹਾਲ

  • ਹੜ੍ਹਾਂ ਕਾਰਨ ਪੀ.ਐਸ.ਪੀ.ਸੀ.ਐਲ ਨੂੰ 16 ਕਰੋੜ ਰੁਪਏ ਦਾ ਨੁਕਸਾਨ ਹੋਇਆ
  • ਰੂਪਨਗਰ, ਐਸ.ਏ.ਐਸ.ਨਗਰ, ਪਟਿਆਲਾ ਅਤੇ ਸੰਗਰੂਰ ਸਭ ਤੋਂ ਵੱਧ ਪ੍ਰਭਾਵਿਤ ਹੋਏ

ਚੰਡੀਗੜ੍ਹ, 26 ਜੁਲਾਈ 2023 – ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਦੱਸਿਆ ਕਿ ਰਾਜ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਸਾਰੇ 595 ਸਥਾਨਾਂ ’ਤੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਰੂਪਨਗਰ, ਐਸ.ਏ.ਐਸ ਨਗਰ, ਪਟਿਆਲਾ ਅਤੇ ਸੰਗਰੂਰ ਹਨ।

ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਇਹ ਪ੍ਰਗਟਾਵਾ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪੀ.ਐਸ.ਪੀ.ਸੀ.ਐਲ.) ਦੇ ਬੁਨਿਆਦੀ ਢਾਂਚੇ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਦੇ ਨੁਕਸਾਨ ਕਾਰਨ ਪ੍ਰਭਾਵਿਤ ਖੇਤਰਾਂ ਵਿੱਚ ਬਿਜਲੀ ਸਪਲਾਈ ’ਤੇ ਕਾਫੀ ਪ੍ਰਭਾਵ ਪਿਆ ਅਤੇ ਜ਼ਰੂਰੀ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ।

ਉਨ੍ਹਾਂ ਕਿਹਾ ਕਿ ਪੀਐਸਪੀਸੀਐਲ ਦੇ ਕਰਮਚਾਰੀਆਂ ਨੇ ਪ੍ਰਭਾਵਿਤ ਖੇਤਰਾਂ ਵਿੱਚ ਬਿਜਲੀ ਸਪਲਾਈ ਬਹਾਲ ਕਰਨ ਲਈ ਦਿਨ ਰਾਤ ਕੰਮ ਕੀਤਾ ਅਤੇ ਇਸ ਦੌਰਾਨ ਪੀਐਸਪੀਸੀਐਲ ਦੇ ਅਧਿਕਾਰੀਆਂ ਨੇ ਹਸਪਤਾਲਾਂ, ਮੈਡੀਕਲ ਸਹੂਲਤਾਂ, ਦੂਰਸੰਚਾਰ ਅਤੇ ਜਲ ਸਪਲਾਈ ਵਰਗੇ ਨਾਜ਼ੁਕ ਬੁਨਿਆਦੀ ਢਾਂਚੇ ਨੂੰ ਸਭ ਤੋਂ ਵੱਧ ਤਰਜੀਹ ਦਿੰਦਿਆਂ ਇਨ੍ਹਾਂ ਸਥਾਨਾਂ ‘ਤੇ ਬਿਜਲੀ ਬਹਾਲ ਕਰਨ ਨੂੰ ਪਹਿਲ ਦਿੱਤੀ।

ਹੜ੍ਹਾਂ ਕਾਰਨ ਪੀਐਸਪੀਸੀਐਲ ਨੂੰ ਹੋਏ ਨੁਕਸਾਨ ਦੇ ਵੇਰਵੇ ਦਿੰਦਿਆਂ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਕੁੱਲ 16 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ, ਜਿਸ ਵਿੱਚ 11 ਕੇਵੀ/ਐਲਟੀ ਬੁਨਿਆਦੀ ਢਾਂਚੇ ਨੂੰ ਲਗਭਗ 9 ਕਰੋੜ ਰੁਪਏ ਦਾ, ਪੀਐਸਪੀਸੀਐਲ ਦਫ਼ਤਰ ਦੇ ਬੁਨਿਆਦੀ ਢਾਂਚੇ, ਸਾਜੋ ਸਮਾਨ ਅਤੇ ਰਿਕਾਰਡ ਨੂੰ ਲਗਭਗ 1.5 ਕਰੋੜ ਰੁਪਏ ਦਾ, ਅਤੇ 66ਕੇਵੀ ਸਬਸਟੇਸ਼ਨਾਂ ਨੂੰ ਕਰੀਬ 5.5 ਕਰੋੜ ਰੁਪਏ ਦਾ ਨੁਕਸਾਨ ਪਹੁੰਚਿਆ ਹੈ।

ਉਨ੍ਹਾਂ ਕਿਹਾ ਕਿ ਨੁਕਸਾਨ ਵਿੱਚ ਮੁੱਖ ਤੌਰ ‘ਤੇ ਉਖੜੇ ਖੰਭੇ, ਖਰਾਬ ਹੋਏ ਟਰਾਂਸਫਾਰਮਰ, ਅਤੇ ਹੜ੍ਹਾਂ ਨਾਲ ਭਰੇ ਸਬਸਟੇਸ਼ਨ ਸ਼ਾਮਲ ਹਨ ਜਿੱਥੇ ਉਪਕਰਣਾਂ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਨੁਕਸਾਨ ਪਹੁੰਚਿਆ। ਉਨ੍ਹਾਂ ਕਿਹਾ ਕਿ ਸੂਬੇ ਭਰ ਦੇ 66 ਕੇਵੀ ਦੇ 20 ਸਬ-ਸਟੇਸ਼ਨਾਂ ਵਿੱਚ ਪਾਣੀ ਭਰ ਗਿਆ ਸੀ ਜਿਸ ਕਾਰਨ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪੁੱਜਾ।

ਹੋਰ ਜਾਣਕਾਰੀ ਦਿੰਦਿਆਂ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਹੜ੍ਹਾਂ ਦਾ ਪਾਣੀ ਚਾਰਦੀਵਾਰੀ ਤੋੜ ਕੇ ਸਬ ਸਟੇਸ਼ਨਾਂ ਵਿੱਚ ਦਾਖਲ ਹੋ ਗਿਆ ਸੀ ਅਤੇ ਕੰਟਰੋਲ ਰੂਮਾਂ ਦੀਆਂ ਇਮਾਰਤਾਂ ਅਤੇ ਪਾਵਰ ਟਰਾਂਸਫਾਰਮਰ ਯਾਰਡਾਂ ਦੇ ਅੰਦਰ ਪਾਈਆਂ ਕੇਬਲਾਂ ਵਿੱਚ ਪਾਣੀ ਦਾਖਲ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਕਾਰਨ ਸਬਸਟੇਸ਼ਨਾਂ ਅਤੇ ਦਫਤਰਾਂ ਦੀਆਂ ਇਮਾਰਤਾਂ ਦੀਆਂ ਛੱਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਤ ਸਬਸਟੇਸ਼ਨਾਂ ਵਿੱਚੋਂ ਪਾਣੀ ਕੱਢਣ ਲਈ ਪੰਪ ਲਗਾਏ ਗਏ ਸਨ ਅਤੇ ਜਨਤਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਸੀ।

ਬਿਜਲੀ ਮੰਤਰੀ ਨੇ ਪੀ.ਐੱਸ.ਪੀ.ਸੀ.ਐੱਲ. ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਬਿਜਲੀ ਬਹਾਲ ਕਰਨ ਲਈ ਪੇਸ਼ੇਵਰ ਪਹੁੰਚ ਦਿਖਾਉਣ ਲਈ ਵਧਾਈ ਦਿੱਤੀ। ਉਨ੍ਹਾਂ ਇਸ ਔਖੀ ਘੜੀ ਦੌਰਾਨ ਸਹਿਯੋਗ ਦੇਣ ਲਈ ਆਮ ਲੋਕਾਂ ਦਾ ਵੀ ਧੰਨਵਾਦ ਕੀਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਕੈਬਨਿਟ ਦੀ ਮੀਟਿੰਗ ਦਾ ਸਮਾਂ ਬਦਲਿਆ, ਜਾਣੋ ਹੁਣ ਕਦੋਂ ਹੋਵੇਗੀ

ਵਿਜੀਲੈਂਸ ਵੱਲੋਂ ਸੂਬਾ ਪੱਧਰ ਉੱਤੇ ਸਰਕਾਰੀ ਹਸਪਤਾਲਾਂ ਦੀ ਚੈਕਿੰਗ; ਡੋਪ ਟੈਸਟ ਦੀ ਪ੍ਰਕਿਰਿਆ ‘ਚ ਬੇਨਿਯਮੀਆਂ ਮਿਲੀਆਂ