- ਕਿਹਾ ਸੇਵਾ ਭਾਵਨਾ ਅਤੇ ਤਨਦੇਹੀ ਨਾਲ ਡਿਊਟੀ ਕਰਨ ਸਿਹਤ ਅਧਿਕਾਰੀ
- ਸਿਹਤ ਮੰਤਰੀ ਬਲਬੀਰ ਸਿੰਘ ਨੇ ਸਿਵਲ ਹਸਪਤਾਲ ਮਾਨਸਾ ਦਾ ਕੀਤਾ ਦੌਰਾ
ਮਾਨਸਾ, 11 ਜੂਨ 2023 – ਸਰਕਾਰੀ ਸਿਵਲ ਹਸਪਤਾਲ ਅੰਦਰ ਐਮਰਜੈਂਸੀ ਸੇਵਾਵਾਂ 24 ਘੰਟੇ ਯਕੀਨੀ ਬਣਾਈਆਂ ਜਾਣ ਅਤੇ ਮਰੀਜ਼ਾਂ ਨੂੰ ਕਿਸੇ ਪ੍ਰਕਾਰ ਦੀ ਖੱਜਲ ਖੁਆਰੀ ਨਾ ਹੋਵੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਿਵਲ ਹਸਪਤਾਲ ਮਾਨਸਾ ਦਾ ਦੌਰਾ ਕਰਨ ਮੌਕੇ ਕੀਤਾ।
ਡਾ. ਬਲਬੀਰ ਸਿੰਘ ਨੇ ਹਸਪਤਾਲ ਦੇ ਅਮਲੇ ਨੂੰ ਸੇਵਾ ਭਾਵਨਾ ਅਤੇ ਤਨਦੇਹੀ ਨਾਲ ਡਿਊਟੀ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਹਸਪਤਾਲ ਵਿੱਚ ਦਾਖਲ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈੰਬਰਾਂ ਅਤੇ ਰਿਸ਼ਤੇਦਾਰਾਂ ਨਾਲ ਚੰਗਾ ਵਿਵਹਾਰ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਸੁਖਾਵਾਂ ਮਾਹੌਲ ਮਿਲ ਸਕੇ।
ਉਨ੍ਹਾਂ ਹਸਪਤਾਲ ਵਿਚ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ। ਇਸ ਤੋੰ ਇਲਾਵਾ ਉਨ੍ਹਾਂ ਸਥਾਨਕ ਜੱਚਾ ਬੱਚਾ ਹਸਪਤਾਲ ਵਿਖੇ ਗਰਭਵਤੀ ਔਰਤਾਂ ਤੇ ਬੱਚਿਆਂ ਨੂੰ ਮਿਲਣ ਵਾਲੀਆਂ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਸੰਸਥਾਗਤ ਜਣੇਪੇ ਕਰਵਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ 100 ਫ਼ੀਸਦੀ ਟੀਕਾਕਰਨ ਯਕੀਨੀ ਬਣਾਇਆ ਜਾਵੇ। ਉਨ੍ਹਾਂ ਘੱਟ ਸੈਕਸ ਰੇਸ਼ੋ ਵਾਲੇ ਇਲਾਕਿਆਂ ਵਿੱਚ ਵਿਸ਼ੇਸ਼ ਜਾਗਰੁਕਤਾ ਗਤੀਵਿਧੀਆਂ ਚਲਾਉਣ ਲਈ ਕਿਹਾ।
ਇਸ ਮੌਕੇ ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ,ਸਹਾਇਕ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ,ਸੀਨੀਅਰ ਮੈਡੀਕਲ ਅਫਸਰ ਡਾ. ਰੂਬੀ , ਸਿਹਤ ਵਿਭਾਗ ਦੇ ਹੋਰ ਅਧਿਕਾਰੀਆਂ ਤੋ ਇਲਾਵਾ ਸ਼ਹਿਰ ਵਾਸੀ ਵੀ ਮੌਜੂਦ ਸਨ।