ਗੁਰਦਾਸਪੁਰ 30 ਜੁਲਾਈ 2023 – ਬਲਾਕ ਪੰਚਾਇਤ ਅਤੇ ਵਿਕਾਸ ਅਧਿਕਾਰੀ ਦੇ ਦਫ਼ਤਰ ਵਿਖੇ ਕੁਝ ਕਰਮਚਾਰੀਆਂ ਵੱਲੋਂ ਦਫਤਰ ਬੰਦ ਹੋਣ ਤੋਂ ਬਾਅਦ ਸ਼ਰਾਬ ਪੀਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਆਮ ਆਦਮੀ ਪਾਰਟੀ ਦੇ ਸੰਯੁਕਤ ਸਕੱਤਰ ਡਾਕਟਰ ਗੁਰਿੰਦਰ ਸਿੰਘ ਗਿੱਲ ਵੱਲੋਂ ਪੱਤਰਕਾਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਪੱਤਰਕਾਰ ਸ਼ਨੀਵਾਰ ਸ਼ਾਮ ਨੂੰ ਬੀ ਡੀ ਪੀ ਉ ਦਫਤਰ ਵਿਖੇ ਪਹੁੰਚੇ ਪਰ ਅਣਪਛਾਤੇ ਵਿਅਕਤੀਆਂ ਦੇ ਆਉਣ ਦੀ ਭਣਕ ਲਗਦਿਆਂ ਹੀ ਦਫਤਰ ਦੇ ਕਰਮਚਾਰੀ ਉਥੋਂ ਨਿਕਲ ਗਏ ਸਨ।
ਹਾਲਾਂਕਿ ਪੱਤਰਕਾਰਾਂ ਵਲੋਂ ਬਣਾਈ ਗਈ ਵੀਡੀਓ ਵਿਚ ਦਫਤਰ ਦੇ ਇਕ ਕਮਰੇ ਦੀ ਟੇਬਲ ਤੇ ਪਿਆ ਬਚਿਆ ਖੁਚਿਆ ਸਲਾਦ ਅਤੇ ਨਿੰਬੂ, ਵਰਤੇ ਗਏ ਪੇਪਰ ਨੈਪਕਿਨ ਇੱਕ ਛੋਟੀ ਅਲਮਾਰੀ ਵਿੱਚ ਪਈ ਐਂਟਕਿਉਟੀ ਨਾਮ ਦੀ ਸ਼ਰਾਬ ਦੀ ਖਾਲੀ ਬੋਤਲ ਜੋ ਕਿ ਇੱਕ ਵਧੀਆ ਅਤੇ ਮਹਿੰਗੀ ਸ਼ਰਾਬ ਗਿਣੀ ਜਾਂਦੀ ਹੈ ਅਤੇ ਗਿਲਾਸ ਅਤੇ ਪਾਣੀ ਅਤੇ ਖਾਰੇ ਦੀਆਂ ਬੋਤਲਾਂ ਸਾਫ਼ ਦਿਖਾਈ ਦੇ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਸੀ ਕਿ ਦਫ਼ਤਰ ਬੰਦ ਹੋਣ ਦੇ ਬਾਵਜੂਦ ਇਹਨਾ ਕਰਮਚਾਰੀ ਦਫ਼ਤਰ ਨੂੰ ਸ਼ਰਾਬ ਪੀਂਣ ਦਾ ਅੱਡਾ ਬਣਾ ਰੱਖਿਆ ਸੀ।
ਆਮ ਆਦਮੀ ਪਾਰਟੀ ਆਗੂ ਡਾਕਟਰ ਗੁਰਿੰਦਰ ਸਿੰਘ ਵੱਲੋਂ ਮਾਮਲਾ ਪੁਲਿਸ ਅਤੇ ਹੋਰ ਜਿਲ੍ਹਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਕਿਹਾ ਗਿਆ ਹੈ ਕਿ ਇਸ ਬਾਰੇ ਉਹ ਮੁੱਖ ਮੰਤਰੀ ਪੰਜਾਬ ਨੂੰ ਵੀ ਸ਼ਿਕਾਇਤ ਕਰਨਗੇ ਤਾਂ ਜੋ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਕੋਈ ਵੀ ਸਰਕਾਰੀ ਕਰਮਚਾਰੀ ਆਪਣੇ ਅਹੁਦੇ ਦੀ ਦੁਰਵਰਤੋਂ ਅਤੇ ਡਿਊਟੀ ਟਾਈਮ ਵਿੱਚ ਲਾਪਰਵਾਹੀ ਨਾ ਕਰ ਸਕੇ।
ਦੂਜੇ ਪਾਸੇ ਜਦੋਂ ਇਸ ਬਾਰੇ ਧਾਰੀਵਾਲ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਗੁਰਜੀਤ ਸਿੰਘ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਤਬਾਰ ਹੋਣ ਕਰਕੇ ਉਹ ਬਾਹਰ ਹਨ ਅਤੇ ਸੋਮਵਾਰ ਨੂੰ ਉਹ ਦਫਤਰ ਜਾ ਕੇ ਦਫ਼ਤਰ ਦੇ ਸੀਸੀਟੀਵੀ ਕੈਮਰੇ ਚੈੱਕ ਕਰਨਗੇ ਅਤੇ ਜੇਕਰ ਕੋਈ ਦੋਸ਼ੀ ਕਰਮਚਾਰੀ ਪਾਇਆ ਗਿਆ ਤਾਂ ਉਸਦੇ ਖਿਲਾਫ਼ ਕਾਰਵਾਈ ਵੀ ਕੀਤੀ ਜਾਵੇਗੀ।