- ਪੁਲਿਸ ਨੇ ਕਾਬੂ ਕਰਕੇ ਇਲਾਜ ਲਈ ਸਿਵਲ ਹਸਪਤਾਲ ਕਰਵਾਇਆ ਦਾਖ਼ਲ
- ਸੀਆਈਏ ਸਟਾਫ ਦਾ ਡਰਾਈਵਰ ਵਾਲ-ਵਾਲ ਬਚਿਆ
ਅੰਮ੍ਰਿਤਸਰ, 6 ਜੁਲਾਈ 2023 – ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ‘ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁੱਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੋਵਾਂ ਪਾਸਿਆਂ ਤੋਂ ਗੋਲੀਆਂ ਚਲਾਈਆਂ ਗਈਆਂ। ਇਸ ਗੋਲੀਬਾਰੀ ਵਿੱਚ ਗੈਂਗਸਟਰ ਅਰਸ਼ਦੀਪ ਦੀ ਖੱਬੀ ਲੱਤ ਵਿੱਚ ਗੋਲੀ ਲੱਗੀ ਹੈ। ਜਦੋਂਕਿ ਗੋਲੀਬਾਰੀ ਦੌਰਾਨ ਸੀਆਈਏ ਸਟਾਫ਼ ਦਾ ਡਰਾਈਵਰ ਵਾਲ-ਵਾਲ ਬਚ ਗਿਆ।
ਜਦੋਂ ਗੈਂਗਸਟਰ ਅਰਸ਼ਦੀਪ ਨੇ ਪੁਲਸ ਦੀ ਗੱਡੀ ‘ਤੇ ਫਾਇਰਿੰਗ ਕੀਤੀ ਤਾਂ ਇਕ ਗੋਲੀ ਡਰਾਈਵਰ ਨੂੰ ਲੱਗ ਗਈ ਪਰ ਗੱਡੀ ਦੀ ਸੀਟ ਬੈਲਟ ਕਾਰਨ ਡਰਾਈਵਰ ਦੀ ਜਾਨ ਬਚ ਗਈ। ਗੋਲੀ ਸੀਟ ਬੈਲਟ ਨੂੰ ਲੱਗ ਗਈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਆਪਣੀ ਕਾਰ ਤੋਂ ਹੇਠਾਂ ਵੀ ਨਹੀਂ ਉੱਤਰੇ ਸੀ ਕਿ ਗੈਂਗਸਟਰ ਅਰਸ਼ਦੀਪ ਨੇ ਉਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਇੱਕ ਗੋਲੀ ਅਰਸ਼ਦੀਪ ਦੀ ਲੱਤ ਵਿੱਚ ਲੱਗ ਗਈ। ਇਸ ਤੋਂ ਬਾਅਦ ਉਸ ਨੂੰ ਕਾਬੂ ਕਰਕੇ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
ਜੰਡਿਆਲਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਅਰਸ਼ਦੀਪ ਕਿਸੇ ਨੂੰ ਮਿਲਣ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲੀਸ ਨੇ ਜੰਡਿਆਲਾ ਗੁਰੂ ਵਿੱਚ ਨਹਿਰ ਅਤੇ ਪੁਲ ਦੇ ਆਲੇ-ਦੁਆਲੇ ਨਾਕਾਬੰਦੀ ਕਰ ਦਿੱਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਜੰਡਿਆਲਾ ਗੁਰੂ ਨਹਿਰ ਨੇੜੇ ਨਾਕਾ ਲਾਇਆ ਹੋਇਆ ਸੀ। ਇਸੇ ਦੌਰਾਨ ਅਰਸ਼ਦੀਪ ਨਹਿਰ ਦੇ ਰਸਤੇ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਇਆ।
ਜਦੋਂ ਪੁਲਿਸ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸਨੇ ਪੁਲਿਸ ‘ਤੇ ਗੋਲੀ ਚਲਾ ਦਿੱਤੀ। ਕੁਝ ਪੁਲੀਸ ਮੁਲਾਜ਼ਮ ਨਾਕੇ ਦੇ ਬਾਹਰ ਸਨ ਅਤੇ ਕੁਝ ਮੁਲਾਜ਼ਮਾਂ ਦੇ ਨਾਲ ਅਧਿਕਾਰੀ ਕਾਰ ਵਿੱਚ ਬੈਠੇ ਸਨ। ਇਸ ਤੋਂ ਬਾਅਦ ਉਹ ਨਹਿਰ ਦੇ ਰਸਤੇ ਰਾਹੀਂ ਭੱਜ ਗਿਆ। ਸੜਕ ਤੰਗ ਹੋਣ ਕਾਰਨ ਪੁਲੀਸ ਦੀ ਗੱਡੀ ਉਸ ਸੜਕ ਤੋਂ ਨਹੀਂ ਲੰਘ ਸਕਦੀ ਸੀ ਪਰ ਅੱਗੇ ਇੰਸਪੈਕਟਰ ਇੰਦਰਜੀਤ ਦੀ ਟੀਮ ਨੇ ਨਾਕਾ ਲਾਇਆ ਹੋਇਆ ਸੀ।
ਉਸ ਨੇ ਉਥੇ ਮੌਜੂਦ ਪੁਲਿਸ ਪਾਰਟੀ ‘ਤੇ ਵੀ ਗੋਲੀ ਚਲਾ ਦਿੱਤੀ। ਇਸ ਗੋਲੀਬਾਰੀ ਵਿੱਚ ਗੋਲੀਆਂ ਪੁਲਿਸ ਦੀ ਗੱਡੀ ਨੂੰ ਲੱਗੀਆਂ। ਪੁਲਿਸ ਨੇ ਗੈਂਗਸਟਰ ‘ਤੇ ਫਾਇਰਿੰਗ ਵੀ ਕੀਤੀ। ਇਸ ਦੌਰਾਨ ਇੰਸਪੈਕਟਰ ਇੰਦਰਜੀਤ ਨੇ ਆਪਣੇ ਪਿਸਤੌਲ ਤੋਂ ਉਸ ਦੀਆਂ ਲੱਤਾਂ ਵੱਲ ਫਾਇਰ ਕੀਤਾ ਅਤੇ ਗੋਲੀ ਉਸ ਦੀ ਖੱਬੀ ਲੱਤ ਵਿੱਚ ਲੱਗੀ। ਇਸ ਤੋਂ ਬਾਅਦ ਪੁਲਿਸ ਨੇ ਘੇਰਾਬੰਦੀ ਕਰਕੇ ਉਸ ਨੂੰ ਫੜ ਲਿਆ। ਪੁਲਿਸ ਨੇ ਗੈਂਗਸਟਰ ਕੋਲੋਂ ਇੱਕ ਪਿਸਤੌਲ ਅਤੇ ਤਿੰਨ ਮੈਗਜ਼ੀਨ ਬਰਾਮਦ ਕੀਤੇ ਹਨ।
ਅਰਸ਼ਦੀਪ ਇੱਕ ਮਸ਼ਹੂਰ ਗੈਂਗਸਟਰ ਹੈ ਅਤੇ ਕਈ ਮਾਮਲਿਆਂ ਵਿੱਚ ਪੁਲਿਸ ਨੂੰ ਲੋੜੀਂਦਾ ਹੈ। ਅਰਸ਼ਦੀਪ ਸਿੰਘ ਉਹੀ ਗੈਂਗਸਟਰ ਹੈ ਜਿਸ ਨੇ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਭਾਜਪਾ ਐਸ.ਸੀ ਮੋਰਚਾ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਗਿੱਲ ‘ਤੇ ਗੋਲੀਆਂ ਚਲਾਈਆਂ ਸਨ। ਇਸ ਹਮਲੇ ਵਿੱਚ ਗੋਲੀ ਬਲਵਿੰਦਰ ਸਿੰਘ ਦੇ ਜਬਾੜੇ ਵਿੱਚ ਲੱਗੀ। ਇਸ ਵਿੱਚ ਭਾਜਪਾ ਆਗੂ ਬਲਵਿੰਦਰ ਸਿੰਘ ਜ਼ਖ਼ਮੀ ਹੋ ਗਿਆ ਸੀ ਤੇ ਉਸ ਦੀ ਜਾਨ ਬਚ ਗਈ ਸੀ।