ਫਰੀਦਕੋਟ, 11 ਜੁਲਾਈ 2023 – ਫ਼ਰੀਦਕੋਟ ਸੀਆਈਏ ਸਟਾਫ਼ ਨੇ ਬੰਬੀਹਾ ਗਰੋਹ ਦੇ ਦੋ ਮੈਂਬਰਾਂ ਨੂੰ ਪਿੰਡ ਸਿੱਖਾਂਵਾਲਾ ਨੇੜਿਓਂ ਐਨਕਾਊਂਟਰ ਕਰਕੇ ਗ੍ਰਿਫ਼ਤਾਰ ਕੀਤਾ ਹੈ। ਮੁਕਾਬਲੇ ਦੌਰਾਨ ਇੱਕ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਨੂੰ ਇਲਾਜ ਲਈ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਘਟਨਾ ਸੋਮਵਾਰ ਦੇਰ ਸ਼ਾਮ ਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਸੀ.ਆਈ.ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੂੰ ਮੁਲਜ਼ਮਾਂ ਬਾਰੇ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਬੂ ਕਰਨ ਲਈ ਬੀੜ ਸਿੱਖਾਂਵਾਲਾ ਨੇੜੇ ਸੋਮਵਾਰ ਦੇਰ ਸ਼ਾਮ ਛਾਪੇਮਾਰੀ ਕੀਤੀ ਗਈ ਤਾਂ ਉਨ੍ਹਾਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਜਵਾਬ ‘ਚ ਪੁਲਿਸ ਕਾਰਵਾਈ ਕੀਤੀ ਗਈ।ਬਾਅਦ ਵਿੱਚ ਦੋ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਗਿਆ। ਜਦਕਿ ਇਕ ਮੌਕੇ ਤੋਂ ਫਰਾਰ ਹੋ ਗਿਆ।
ਇਹ ਦੋਵੇਂ ਮੁਲਜ਼ਮ ਕੁਝ ਦਿਨ ਪਹਿਲਾਂ ਜੈਤੋ ਦੇ ਰਾਮਲੀਲਾ ਗਰਾਊਂਡ ਵਿੱਚ ਹਵਾਈ ਫਾਇਰਿੰਗ ਦੇ ਮਾਮਲੇ ਵਿੱਚ ਪੁਲੀਸ ਨੂੰ ਲੋੜੀਂਦੇ ਸਨ। 6 ਜੁਲਾਈ ਦੀ ਦੁਪਹਿਰ ਨੂੰ ਜੈਤੋ ਦੇ ਰਾਮਲੀਲਾ ਮੈਦਾਨ ‘ਚ ਤਿੰਨ ਨਕਾਬਪੋਸ਼ ਬਾਈਕ ਸਵਾਰ ਹਵਾ ‘ਚ ਫਾਇਰਿੰਗ ਕਰਦੇ ਹੋਏ ਫਰਾਰ ਹੋ ਗਏ ਸਨ। ਜਾਂਚ ਵਿੱਚ ਸਾਹਮਣੇ ਆਇਆ ਕਿ ਜੈਤੋ ਦੇ ਰਹਿਣ ਵਾਲੇ ਇੱਕ ਵਪਾਰੀ ਤੋਂ 5 ਲੱਖ ਦੀ ਫਿਰੌਤੀ ਮੰਗੀ ਗਈ ਸੀ।
ਪਰ ਫਿਰੌਤੀ ਮੰਗਣ ਤੋਂ ਬਾਅਦ ਉਕਤ ਵਿਅਕਤੀ ਨੇ ਮੁਲਜ਼ਮਾਂ ਦੇ ਫੋਨ ਚੁੱਕਣੇ ਬੰਦ ਕਰ ਦਿੱਤੇ। ਜਿਸ ਕਾਰਨ ਉਕਤ ਵਿਅਕਤੀ ਨੂੰ ਡਰਾਉਣ ਅਤੇ ਧਮਕਾਉਣ ਦੇ ਮਕਸਦ ਨਾਲ ਰਾਮਲੀਲਾ ਗਰਾਊਂਡ ਵਿਖੇ ਹਵਾਈ ਫਾਇਰਿੰਗ ਕੀਤੀ ਗਈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।