- 2 ਬਦਮਾਸ਼ਾਂ ਦੀ ਲੱਤ ਵਿੱਚ ਗੋਲੀ
- ਜਰਮਨ-ਚੀਨੀ ਪਿਸਤੌਲ ਬਰਾਮਦ
ਜਲੰਧਰ, 27 ਨਵੰਬਰ 2024 – ਜਲੰਧਰ ‘ਚ ਪੁਲਿਸ ਅਤੇ ਗੈਂਗਸਟਰ ਲਾਰੈਂਸ ਦੇ ਗੁਰਗਿਆਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਦੋ ਬਦਮਾਸ਼ਾਂ ਨੂੰ ਗੋਲੀਆਂ ਲੱਗੀਆਂ ਹਨ। ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਹਾਲਾਂਕਿ ਇਹ ਪਹਿਲਾਂ ਤੋਂ ਹੀ ਦੋਵੇਂ ਪੁਲਿਸ ਦੀ ਗ੍ਰਿਫ਼ਤ ਵਿੱਚ ਸਨ। ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਉਨ੍ਹਾਂ ਨੂੰ ਹਥਿਆਰ ਬਰਾਮਦ ਕਰਨ ਲਈ ਲੈ ਗਈ ਸੀ। ਜਦੋਂ ਪੁਲਿਸ ਉਨ੍ਹਾਂ ਨੂੰ ਜਲੰਧਰ ਛਾਉਣੀ ਦੇ ਪਿੰਡ ਨੰਗਰ ਕਾਰਖਾਨ ਲੈ ਕੇ ਗਈ ਤਾਂ ਉਥੇ ਲੁਕੋ ਕੇ ਰੱਖੇ ਹੋਏ ਹਥਿਆਰ ਮਿਲਦੇ ਹੀ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਕਰਾਸ ਫਾਇਰਿੰਗ ਵਿੱਚ ਪੁਲਿਸ ਨੇ ਦੋਵੇਂ ਬਦਮਾਸ਼ਾਂ ਨੂੰ ਲੱਤਾਂ ਵਿੱਚ ਗੋਲੀ ਮਾਰ ਦਿੱਤੀ।
ਬਦਮਾਸ਼ਾਂ ਕੋਲੋਂ ਇਕ ਜਰਮਨ ਰਿਵਾਲਵਰ ਅਤੇ ਇਕ ਚੀਨੀ ਪਿਸਤੌਲ ਅਤੇ ਕਈ ਕਾਰਤੂਸ ਸਮੇਤ ਤਿੰਨ ਨਾਜਾਇਜ਼ ਹਥਿਆਰ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਹੀ ਜਬਰੀ ਵਸੂਲੀ, ਕਤਲ, ਆਰਮਜ਼ ਐਕਟ, ਐਨਡੀਪੀਐਸ ਅਤੇ ਹੋਰ ਗੰਭੀਰ ਕੇਸ ਦਰਜ ਹਨ। ਪੁਲਸ ਘਟਨਾ ‘ਚ ਜ਼ਖਮੀ ਹੋਏ ਦੋਸ਼ੀਆਂ ਨੂੰ ਹਸਪਤਾਲ ਭੇਜਿਆ ਗਿਆ। ਫਿਲਹਾਲ ਇਸ ਘਟਨਾ ‘ਚ ਕਿਸੇ ਪੁਲਸ ਮੁਲਾਜ਼ਮ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।
ਮੁਲਜ਼ਮਾਂ ਨੂੰ ਪੁਲੀਸ ਨੇ ਸ਼ੁੱਕਰਵਾਰ 22 ਨਵੰਬਰ ਨੂੰ ਆਦਮਪੁਰ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ। ਬਦਮਾਸ਼ਾਂ ਦੀ ਪਛਾਣ ਹਰਿੰਦਰ ਸਿੰਘ ਵਾਸੀ ਆਦਮਪੁਰ ਅਤੇ ਸੁਖਮਨਜੋਤ ਸਿੰਘ ਵਾਸੀ ਜਲੰਧਰ ਛਾਉਣੀ ਵਜੋਂ ਹੋਈ ਹੈ।
ਪੁਲੀਸ ਅਨੁਸਾਰ ਮੁਲਜ਼ਮਾਂ ਨੇ ਪੁਲੀਸ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਜਲੰਧਰ ਛਾਉਣੀ ਦੇ ਪਿੰਡ ਨੰਗਲ ਕਾਰਖਾਨ ਵਿੱਚ ਹਥਿਆਰ ਛੁਪਾਏ ਸਨ। ਪੁਲਿਸ ਇਨ੍ਹਾਂ ਨੂੰ ਜ਼ਬਤ ਕਰਨ ਲਈ ਹੀ ਲੈ ਕੇ ਆਈ ਸੀ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਹਥਿਆਰ ਲੱਭ ਕੇ ਲਿਆਉਣ ਲਈ ਕਿਹਾ ਤਾਂ ਉਨ੍ਹਾਂ ਨੇ ਉਕਤ ਹਥਿਆਰਾਂ ਨਾਲ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਦੋਵਾਂ ਪਾਸਿਆਂ ਤੋਂ ਕਈ ਰਾਉਂਡ ਗੋਲੀਬਾਰੀ ਹੋਈ। ਦੋਵੇਂ ਬਦਮਾਸ਼ ਲੰਬੇ ਸਮੇਂ ਤੋਂ ਲਾਰੈਂਸ ਗੈਂਗ ਲਈ ਕੰਮ ਕਰ ਰਹੇ ਸਨ।
ਮੁਕਾਬਲੇ ਵਿੱਚ ਜ਼ਖ਼ਮੀ ਹੋਏ ਦੋਵੇਂ ਬਦਮਾਸ਼ਾਂ ਨੂੰ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਮੌਕੇ ਦੀ ਜਾਂਚ ਕਰਨ ਉਪਰੰਤ ਉਥੋਂ ਇੱਕ ਜਰਮਨ ਬਣਿਆ ਰਿਵਾਲਵਰ, ਇੱਕ ਚਾਈਨਾ ਮੇਡ ਪਿਸਤੌਲ ਅਤੇ ਹੋਰ ਹਥਿਆਰ ਬਰਾਮਦ ਕੀਤੇ। ਸਾਰੇ ਹਥਿਆਰ ਲੋਡ ਸਨ।
ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਬਦਮਾਸ਼ਾਂ ਨੇ ਆਪਣੇ ਵਿਰੋਧੀ ਗਰੋਹ ਨਾਲ ਸਬੰਧਤ 4-5 ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ। ਇਹ ਹਥਿਆਰ ਇਸੇ ਮਕਸਦ ਲਈ ਲਿਆਂਦੇ ਗਏ ਸਨ। ਹਾਲਾਂਕਿ ਇਸ ਤੋਂ ਪਹਿਲਾਂ ਹੀ ਉਹ ਫੜਿਆ ਗਿਆ ਸੀ।
ਜਲੰਧਰ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ‘ਚੋਂ ਇਕ ਆਦਮਪੁਰ ਅਤੇ ਦੂਜਾ ਜਲੰਧਰ ਕੈਂਟ ਦਾ ਰਹਿਣ ਵਾਲਾ ਹੈ। ਦੋਵੇਂ ਮੁਲਜ਼ਮ 6 ਜ਼ਿਲ੍ਹਿਆਂ ਵਿੱਚ ਲੋੜੀਂਦੇ ਸਨ। ਮੁਲਜ਼ਮ ਕਰੀਬ ਢਾਈ ਸਾਲਾਂ ਤੋਂ ਲਾਰੈਂਸ ਗੈਂਗ ਲਈ ਕੰਮ ਕਰ ਰਹੇ ਸਨ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਮੁਲਜ਼ਮਾਂ ਨੇ ਹੁਸ਼ਿਆਰਪੁਰ ਅਤੇ ਲੁਧਿਆਣਾ ਦੇ ਦੋ ਕਾਰੋਬਾਰੀਆਂ ਤੋਂ ਫਿਰੌਤੀ ਦੀ ਮੰਗ ਕੀਤੀ ਸੀ। ਦੋਵੇਂ ਮੁੱਖ ਤੌਰ ‘ਤੇ ਗੈਂਗਸਟਰਾਂ ਲਾਰੈਂਸ ਅਤੇ ਬਿੰਨੀ ਗੁਰਜਰ ਦੇ ਸਿੱਧੇ ਸੰਪਰਕ ਵਿੱਚ ਸਨ। ਮੁਲਜ਼ਮਾਂ ਨੇ ਉਪਰੋਕਤ ਦੋਵਾਂ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣਾ ਸੀ। ਪਰ ਇਸ ਤੋਂ ਪਹਿਲਾਂ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।