- ISI ਸਮਰਥਿਤ ਅੱਤਵਾਦੀ ਮਾਡਿਊਲ ਦੇ 6 ਮੈਂਬਰ ਗ੍ਰਿਫਤਾਰ, 1 ਜ਼ਖਮੀ
ਬਟਾਲਾ, 20 ਮਈ 2025 – ਬਟਾਲਾ ਵਿੱਚ ਅੱਤਵਾਦੀਆਂ ਅਤੇ ਪੁਲਿਸ ਵਿਚਕਾਰ ਮੁਕਾਬਲਾ ਹੋਇਆ। ਇਸ ਦੌਰਾਨ ਪੁਲਿਸ ਗੋਲੀਬਾਰੀ ਵਿੱਚ ਇੱਕ ਅੱਤਵਾਦੀ ਜਤਿਨ ਕੁਮਾਰ ਉਰਫ਼ ਰੋਹਨ ਜ਼ਖਮੀ ਹੋ ਗਿਆ। ਇਸ ਮਾਡਿਊਲ ਦੇ ਕੁੱਲ 6 ਹੋਰ ਅੱਤਵਾਦੀਆਂ ਨੂੰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਜਦੋਂ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਇਆ ਜਾ ਰਿਹਾ ਸੀ, ਤਾਂ ਅੱਤਵਾਦੀ ਜਤਿਨ ਨੇ ਪੁਲਿਸ ‘ਤੇ ਗੋਲੀਬਾਰੀ ਕਰ ਦਿੱਤੀ। ਜਵਾਬ ਵਿੱਚ, ਪੁਲਿਸ ਨੇ ਕਾਰਵਾਈ ਕੀਤੀ। ਜ਼ਖਮੀ ਨੂੰ ਸਿਵਲ ਹਸਪਤਾਲ ਬਟਾਲਾ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸ ਪੂਰੀ ਘਟਨਾ ਬਾਰੇ ਡੀਜੀਪੀ ਗੌਰਵ ਯਾਦਵ ਨੇ ਖੁਦ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਵਿੱਚ ਛੇ ਬੀਕੇਆਈ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਜਤਿਨ ਕੁਮਾਰ ਉਰਫ ਰੋਹਨ, ਬਰਿੰਦਰ ਸਿੰਘ ਉਰਫ ਸੱਜਣ, ਰਾਹੁਲ ਮਸੀਹ, ਅਬਰਾਹਿਮ ਉਰਫ ਰੋਹਿਤ, ਸੋਹਿਤ ਅਤੇ ਸੁਨੀਲ ਕੁਮਾਰ ਦੇ ਨਾਂ ਸ਼ਾਮਲ ਹਨ।

ਇਹ ਮਾਡਿਊਲ ਪੁਰਤਗਾਲ ਸਥਿਤ ਮਨਿੰਦਰ ਬਿੱਲਾ ਅਤੇ ਮੰਨੂ ਅਗਵਾਨ ਦੇ ਨਿਰਦੇਸ਼ਾਂ ਹੇਠ ਪਾਕਿਸਤਾਨ ਦੀ ਆਈਐਸਆਈ ਦੇ ਇਸ਼ਾਰੇ ‘ਤੇ ਚਲਾਇਆ ਜਾ ਰਿਹਾ ਸੀ, ਜਿਨ੍ਹਾਂ ਨੇ ਹਾਲ ਹੀ ਵਿੱਚ ਖਾਲਿਸਤਾਨ ਪੱਖੀ ਸੰਗਠਨ ਬੀਕੇਆਈ ਦੀ ਕਮਾਨ ਸੰਭਾਲੀ ਹੈ। ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਨੇ ਹਾਲ ਹੀ ਵਿੱਚ ਬਟਾਲਾ ਵਿੱਚ ਇੱਕ ਸ਼ਰਾਬ ਦੀ ਦੁਕਾਨ ਦੇ ਬਾਹਰ ਗ੍ਰਨੇਡ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੇ ਮੌਕੇ ਤੋਂ 30 ਬੋਰ ਦਾ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ।

ਇਸ ਮਾਮਲੇ ਵਿੱਚ, ਬਟਾਲਾ ਸਿਵਲ ਲਾਈਨਜ਼ ਥਾਣੇ ਵਿੱਚ ਭਾਰਤੀ ਦੰਡ ਸੰਹਿਤਾ (BNS) ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (UAPA) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਵਿੱਚ ਸ਼ਾਂਤੀ ਭੰਗ ਕਰਨ ਵਾਲੇ ਅੱਤਵਾਦੀ ਨੈੱਟਵਰਕਾਂ ਨੂੰ ਖਤਮ ਕਰਨ ਲਈ ਕਾਰਵਾਈ ਜਾਰੀ ਰਹੇਗੀ।
