ਖੰਨਾ, 5 ਮਈ 2024 – ਖੰਨਾ ‘ਚ ਐਤਵਾਰ ਨੂੰ ਚੱਲਦੀ ਟਰੇਨ ਦਾ ਇੰਜਣ ਵੱਖ ਹੋ ਗਿਆ। ਇਹ ਇੰਜਣ ਇਕੱਲਾ ਹੀ ਕਰੀਬ 3 ਕਿਲੋਮੀਟਰ ਦੂਰ ਪਹੁੰਚ ਗਿਆ। ਇਸ ਤੋਂ ਬਾਅਦ ਟਰੈਕ ‘ਤੇ ਕੰਮ ਕਰ ਰਹੇ ਕੀ-ਮੈਨ ਨੇ ਰੌਲਾ ਪਾਇਆ ਅਤੇ ਡਰਾਈਵਰ ਨੂੰ ਇਸ ਦੀ ਸੂਚਨਾ ਦਿੱਤੀ। ਡਰਾਈਵਰ ਨੇ ਫਿਰ ਇੰਜਣ ਰੋਕਿਆ ਅਤੇ ਇੰਜਣ ਨੂੰ ਗੱਡੀ ਨਾਲ ਮੁੜ ਜੋੜਿਆ।
ਇਹ ਹਾਦਸਾ ਪਟਨਾ ਤੋਂ ਜੰਮੂ ਤਵੀ ਜਾ ਰਹੀ ਅਰਚਨਾ ਐਕਸਪ੍ਰੈਸ ਟਰੇਨ ਨਾਲ ਵਾਪਰਿਆ। ਖੁਸ਼ਕਿਸਮਤੀ ਰਹੀ ਕਿ ਇਸ ਦੌਰਾਨ ਕੋਈ ਹੋਰ ਟਰੇਨ ਨਹੀਂ ਆਈ ਅਤੇ ਕੋਈ ਵੱਡਾ ਹਾਦਸਾ ਹੋਣ ਤੋਂ ਬਚ ਗਿਆ।
ਟਰੇਨ ਦੇ ਕੋਚ ਅਟੈਂਡੈਂਟ ਨੇ ਦੱਸਿਆ ਕਿ ਟਰੇਨ ਨੰਬਰ 12355/56 ਅਰਚਨਾ ਐਕਸਪ੍ਰੈੱਸ ਪਟਨਾ ਤੋਂ ਜੰਮੂ ਤਵੀ ਜਾ ਰਹੀ ਸੀ। ਇਸ ਦਾ ਇੰਜਣ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਜੰਕਸ਼ਨ ‘ਤੇ ਬਦਲਿਆ ਗਿਆ। ਇੱਥੇ ਅਮਲੇ ਨੇ ਸਹੀ ਢੰਗ ਨਾਲ ਕੰਮ ਨਹੀਂ ਕੀਤਾ ਅਤੇ ਇੰਜਣ ਨੂੰ ਬੋਗੀਆਂ ਨਾਲ ਠੀਕ ਤਰ੍ਹਾਂ ਨਹੀਂ ਲਗਾਇਆ ਗਿਆ। ਫਿਰ ਵੀ ਗੱਡੀ ਨੂੰ ਅੱਗੇ ਤੋਰ ਦਿੱਤਾ ਗਿਆ।
ਇਸ ਤੋਂ ਬਾਅਦ ਇਹ ਇੰਜਣ ਖੰਨਾ ਵਿੱਚ ਬੋਗੀਆਂ ਨਾਲੋਂ ਵੱਖ ਹੋ ਗਿਆ ਅਤੇ ਕਾਫੀ ਅੱਗੇ ਚਲਾ ਗਿਆ। ਇੱਥੋਂ ਤੱਕ ਕਿ ਡਰਾਈਵਰ ਨੂੰ ਵੀ ਇਸ ਦੀ ਜਾਣਕਾਰੀ ਨਹੀਂ ਸੀ। ਇਸ ਟਰੇਨ ‘ਚ ਕਰੀਬ 2 ਤੋਂ 2.5 ਹਜ਼ਾਰ ਯਾਤਰੀ ਸਵਾਰ ਸਨ। ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ।
ਇਸ ਦੇ ਨਾਲ ਹੀ ਰੇਲਵੇ ਗਾਰਡ ਦਾ ਕਹਿਣਾ ਹੈ ਕਿ ਟਰੇਨ ਦਾ ਇੰਜਣ ਅਚਾਨਕ ਵੱਖ ਹੋ ਗਿਆ। ਉਸ ਨੇ ਦੇਖਿਆ ਤਾਂ ਵਾਇਰਲੈੱਸ ਰਾਹੀਂ ਸੁਨੇਹਾ ਭੇਜਿਆ। ਦੂਜੇ ਪਾਸੇ ਕੀ-ਮੈਨ ਨੇ ਦੱਸਿਆ ਕਿ ਉਹ ਰੇਲਵੇ ਟਰੈਕ ‘ਤੇ ਕੰਮ ਕਰ ਰਿਹਾ ਸੀ। ਫਿਰ ਮੈਂ ਦੇਖਿਆ ਕਿ ਇਕ ਇੰਜਣ ਇਕੱਲਾ ਆ ਰਿਹਾ ਸੀ ਅਤੇ ਇਕ ਟਰੇਨ ਕਰੀਬ 3 ਕਿਲੋਮੀਟਰ ਪਿੱਛੇ ਖੜ੍ਹੀ ਸੀ।
ਫਿਰ ਉਸ ਨੇ ਰੌਲਾ ਪਾ ਕੇ ਡਰਾਈਵਰ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਡਰਾਈਵਰ ਨੇ ਇੰਜਣ ਰੋਕਿਆ ਅਤੇ ਰੇਲਵੇ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਡਰਾਈਵਰ ਨੇ ਤੇਜ਼ੀ ਨਾਲ ਇੰਜਣ ਵਾਪਸ ਲੈ ਲਿਆ ਅਤੇ ਫਿਰ ਇਸ ਨੂੰ ਟਰੇਨ ਨਾਲ ਜੋੜ ਕੇ ਜੰਮੂ ਭੇਜ ਦਿੱਤਾ। ਕੀ-ਮੈਨ ਨੇ ਕਿਹਾ ਕਿ ਕੋਈ ਵੱਡਾ ਹਾਦਸਾ ਹੋ ਸਕਦਾ ਸੀ।
ਅੰਬਾਲਾ ਡਿਵੀਜ਼ਨ ਦੇ ਸੀਨੀਅਰ ਡੀਸੀਐਮ ਕੋਚਿੰਗ ਨਵੀਨ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਰਹਿੰਦ ਜੰਕਸ਼ਨ ਦੀ ਫੁਟੇਜ ਦੇਖੀ ਜਾਵੇਗੀ ਕਿ ਕੀ ਕਿਸੇ ਨੇ ਇੰਜਣ ਅਤੇ ਬੋਗੀਆਂ ਨੂੰ ਜੋੜਨ ਵਾਲੀ ਹੁੱਕ ਨਾਲ ਛੇੜਛਾੜ ਕੀਤੀ ਹੈ ਜਾਂ ਸਟਾਫ ਦੀ ਅਣਗਹਿਲੀ ਹੈ। ਜੇਕਰ ਕੋਈ ਯਾਤਰੀ ਦੀ ਹਰਕਤ ਹੋਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਜੇਕਰ ਸਟਾਫ ਦੀ ਅਣਗਹਿਲੀ ਪਾਈ ਗਈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਅੰਮ੍ਰਿਤਸਰ ‘ਚ ਰੇਲਵੇ ਇੰਜਣ ਦੀ ਜਾਂਚ ਕੀਤੀ ਜਾਵੇਗੀ।