ਰੂਪਨਗਰ, 27 ਅਕਤੂਬਰ 2024: ਆਬਕਾਰੀ ਵਿਭਾਗ ਨੇ ਚੰਡੀਗੜ੍ਹ ਤੋਂ ਪੰਜਾਬ ਵਿੱਚ ਤਸਕਰੀ ਕੀਤੀ ਜਾ ਰਹੀ 5 ਲੱਖ ਰੁਪਏ ਦੇ ਕਰੀਬ ਦੀ ਕੀਮਤ ਵਾਲੇ ਅੰਗਰੇਜ਼ੀ ਸ਼ਰਾਬ (ਆਈ.ਐਮ.ਐਫ.ਐਲ.) ਦੀਆਂ 175 ਪੇਟੀਆਂ ਜਬਤ ਕੀਤੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਆਬਕਾਰੀ ਅਫਸਰ ਰੋਪੜ ਰੇਂਜ ਸ਼ੇਖਰ ਨੇ ਦੱਸਿਆ ਕਿ ਆਈ.ਏ.ਐਸ., ਆਬਕਾਰੀ ਕਮਿਸ਼ਨਰ, ਪੰਜਾਬ ਵਰੁਣ ਰੂਜ਼ਮ ਦੇ ਯੋਗ ਮਾਰਗਦਰਸ਼ਨ ਅਤੇ ਡਿਪਟੀ ਕਮਿਸ਼ਨਰ (ਆਬਕਾਰੀ) ਪਟਿਆਲਾ ਜ਼ੋਨ, ਉਦੈਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਆਬਕਾਰੀ ਵਿਭਾਗ ਰੂਪਨਗਰ ਅਤੇ ਆਬਕਾਰੀ ਪੁਲਿਸ ਰੂਪਨਗਰ ਵੱਲੋਂ ਸਾਂਝੇ ਤੌਰ ‘ਤੇ ਕਾਰਵਾਈ ਕਰਦਿਆਂ ਵੱਡੀ ਮਾਤਰਾ ‘ਚ ਸ਼ਰਾਬ ਦੀ ਬਰਾਮਦਗੀ ਕੀਤੀ ਗਈ। ਆਈ.ਐਮ.ਐਫ.ਐਲ. ਦੇ 175 ਪੇਟੀਆਂ ਜਿਸ ਦੀ ਅੰਦਾਜ਼ਨ ਕੀਮਤ 5 ਲੱਖ ਰੁਪਏ ਹੈ ਜ਼ਬਤ ਕੀਤੀ ਗਈ, ਜੋ ਚੰਡੀਗੜ੍ਹ ਤੋਂ ਪੰਜਾਬ ਵਿੱਚ ਤਸਕਰੀ ਕੀਤੀ ਜਾ ਰਹੀ ਸੀ।
ਸ਼ੇਖਰ ਨੇ ਦੱਸਿਆ ਕਿ ਬੀਤੇ ਕੁਝ ਸਮੇਂ ਤੋਂ ਗੁਆਂਢੀ ਰਾਜਾਂ ਤੋਂ ਪੰਜਾਬ ਵੱਲ ਸ਼ਰਾਬ ਦੀ ਤਸਕਰੀ ਵੱਡੀ ਚੁਣੌਤੀ ਬਣ ਗਈ ਹੈ। ਸ਼ਰਾਬ ਦੀ ਤਸਕਰੀ ਰਾਜ ਵਿੱਚ ਸ਼ਰਾਬ ਦੀ ਵਿਕਰੀ ‘ਤੇ ਮਾੜਾ ਪ੍ਰਭਾਵ ਪਾਉਂਦੀ ਹੈ, ਜਿਸ ਨਾਲ ਰਾਜ ਦੇ ਖਜ਼ਾਨੇ ਨੂੰ ਨੁਕਸਾਨ ਹੁੰਦਾ ਹੈ। ਇਸ ਲਈ ਆਬਕਾਰੀ ਵਿਭਾਗ ਪੰਜਾਬ ਵੱਲੋਂ ਸ਼ਰਾਬ ਦੀ ਤਸਕਰੀ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਆਬਕਾਰੀ ਵਿਭਾਗ, ਰੂਪਨਗਰ ਦੁਆਰਾ ਗੁਪਤ ਸੂਚਨਾ ਦੇ ਆਧਾਰ ‘ਤੇ ਇਹ ਕਾਰਵਾਈ ਸ਼੍ਰੀ ਅਸ਼ੋਕ ਚਲੋਤਰਾ, ਸਹਾਇਕ ਕਮਿਸ਼ਨਰ ਆਬਕਾਰੀ ਰੋਪੜ ਰੇਂਜ ਦੀ ਅਗਵਾਈ ਤਹਿਤ ਉਨ੍ਹਾਂ ਵੱਲੋਂ ਅਤੇ ਆਬਕਾਰੀ ਇੰਸਪੈਕਟਰ, ਰੋਪੜ ਜੋਰਾਵਰ ਸਿੰਘ, ਰੋਪੜ ਪੁਲਿਸ ਦੁਆਰਾ 26 ਅਕਤੂਬਰ ਅਤੇ 27 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਬਹਿਰਾਮਪੁਰ, ਰੂਪਨਗਰ ਨੇੜੇ ਵਾਹਨਾਂ ਦੀ ਚੈਕਿੰਗ ਦੌਰਾਨ ਕੀਤੀ। ਚੈਕਿੰਗ ਦੌਰਾਨ ਇੱਕ ਕੈਂਟਰ ਨੰਬਰ ਐੱਚ ਪੀ-31-ਈ-2931 ਨੂੰ ਰੋਕਿਆ ਗਿਆ ਜਿਸ ਵਿੱਚ ਕੈਂਟਰ ਆਈ ਐਮ ਐਫ਼ ਐਲ ਦੇ 175 ਡੱਬੇ ਜੋ ਸਿਰਫ ਚੰਡੀਗੜ੍ਹ ਵਿੱਚ ਵਿਕਰੀ ਲਈ ਮਾਰਕ ਕੀਤੇ ਗਏ ਸਨ, ਨੂੰ ਵਾਹਨ ਵਿੱਚ ਛੁਪਾਇਆ ਗਿਆ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਆਬਕਾਰੀ ਵਿਭਾਗ ਵੱਲੋਂ ਇਸ ਮਾਮਲੇ ਵਿੱਚ ਸ਼ਿਵਾਲਿਕ ਬੇਵਰੇਜਜ਼ ਪ੍ਰਾਈਵੇਟ ਲਿਮਟਿਡ ,ਚੰਡੀਗੜ ਦੁਆਰਾ ਬੋਟਲਿੰਗ ਕੀਤੀ ਗਈਆਂ 111 ਏਸ ਰਮ ਦੇ 175 ਪੇਟੀਆਂ ਬਰਾਮਦ ਕੀਤੀਆਂ ਗਈਆਂ। ਇਸ ਸਬੰਧੀ ਆਬਕਾਰੀ ਐਕਟ ਤਹਿਤ ਪਰਚਾ ਦਰਜ ਕਰਕੇ ਦੋ ਵਿਅਕਤੀਆਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।