ਸਿਹਤਮੰਦ ਪੰਜਾਬ ਦੀ ਕਾਇਮੀ ਲਈ ਸਮੁੱਚੇ ਸਿਹਤ ਢਾਂਚੇ ਨੂੰ ਕੀਤਾ ਜਾ ਰਿਹਾ ਮਜ਼ਬੂਤ – ਸਿਹਤ ਮੰਤਰੀ

  • ਨਵਾਂਸ਼ਹਿਰ ਹਸਪਤਾਲ ’ਚ ਧੰਨ ਮਾਤਾ ਗੁੱਜਰੀ ਜੀ ਟ੍ਰੱਸਟ ਵੱਲੋਂ ਚਲਾਏ ਜਾ ਰਹੇ ਡਾਇਲਸਿਸ ਸੈਂਟਰ ਦੀ ਸ਼ਲਾਘਾ
  • ਨਵਾਂਸ਼ਹਿਰ ਦੇ ਜ਼ਿਲ੍ਹਾ ਹਸਪਤਾਲ ’ਚ ਟਰੌਮਾ ਵਾਰਡ, ਜੱਚਾ ਬੱਚਾ ਹਸਪਤਾਲ, ਕਿ੍ਰਟੀਕਲ ਕੇਅਰ ਵਾਰਡ ਸਥਾਪਿਤ ਕਰਨੇ ਵਿਚਾਰ ਅਧੀਨ
  • ਲੋਕਾਂ ਨੂੰ ਆਪਣੀ ਜੀਵਨ-ਜਾਚ ’ਚ ਸੁਧਾਰ ਲਿਆਉਣ ਤੇ ਬਲੱਡ ਸ਼ੂਗਰ ਤੇ ਬੀ ਪੀ ਦੀ ਨਿਯਮਿਤ ਜਾਂਚ ਕਰਵਾਉਣ ਦੀ ਅਪੀਲ

ਨਵਾਂਸ਼ਹਿਰ, 17 ਮਾਰਚ, 2023: ਪੰਜਾਬ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਆਖਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਸਿਹਤਮੰਦ ਪੰਜਾਬ ਦੀ ਕਾਇਮੀ ਲਈ ਸਮੁੱਚੇ ਸਿਹਤ ਸੇਵਾਵਾਂ ਢਾਂਚੇ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਰਾਜ ਦੇ ਲੋਕਾਂ ਨੂੰ ਸਿਹਤਮੰਦ ਜੀਵਨ ਲਈ ਆਪਣੇ ਬਲੱਡ ਸ਼ੂਗਰ ਤੇ ਬੀ ਪੀ ਦੀ ਨਿਰੰਤਰ ਜਾਂਚ ਕਰਵਾਉਣ ਅਤੇ ਇੱਕ ਘੰਟੇ ਦੀ ਸਰੀਰਕ ਕਸਰਤ ਦੀ ਅਪੀਲ ਕਰਦਿਆਂ ਆਪਣੀ ਜੀਵਨ-ਜਾਚ ’ਚ ਤਬਦੀਲੀ ਲਿਆਉਣ ਲਈ ਵੀ ਆਖਿਆ।

ਅੱਜ ਨਵਾਂਸ਼ਹਿਰ ਦੇ ਜ਼ਿਲ੍ਹਾ ਹਸਪਤਾਲ ਵਿਖੇ ਧੰਨ ਮਾਤਾ ਗੁੱਜਰੀ ਜੀ ਚੈਰੀਟੇਬਲ ਟ੍ਰੱਸਟ, ਜਗਰਾਉਂ ਵੱਲੋਂ ਚਲਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਡਾਇਲਸਿਸ ਯੂਨਿਟ ਦੇ 10ਵੇਂ ਬੈਡ ਨੂੰ ਲੋਕ ਅਰਪਣ ਕਰਦਿਆਂ ਉਨ੍ਹਾਂ ਪ੍ਰਵਾਸੀ ਭਾਰਤੀਆਂ ਵੱਲੋਂ ਆਪਣੀ ਧਰਤੀ ਅਤੇ ਲੋਕਾਂ ਪ੍ਰਤੀ ਅਜਿਹੀਆਂ ਸੇਵਾਵਾਂ ਰਾਹੀਂ ਫ਼ਿਕਰਮੰਦ ਰਹਿਣ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਮਾਤਾ ਗੁੱਜਰੀ ਟ੍ਰੱਸਟ ਵੱਲੋਂ ਪੰਜਾਬ ’ਚ ਵੱਖ-ਵੱਖ ਥਾਂਈਂ ਸਰਕਾਰ ਨਾਲ ਮਿਲ ਕੇ ਦਿੱਤੀਆਂ ਜਾ ਰਹੀਆਂ ਸੇਵਾਵਾਂ ’ਚ ਨਿਰੰਤਰਤਾ ਲਈ ਸਿਹਤ ਵਿਭਾਗ ਵੱਲੋਂ ਨੋਡਲ ਅਫ਼ਸਰ ਵੀ ਲਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ।

ਉਨ੍ਹਾਂ ਨੇ ਇਸ ਡਾਇਲਸਿਸ ਯੂਨਿਟ ’ਚ ਇੱਕ ਦਿਨ ’ਚ ਦੋ ਸ਼ਿਫ਼ਟਾਂ ’ਚ 20 ਮਰੀਜ਼ਾਂ ਦੇ ਡਾਇਲਸਿਸ ਦੀ ਸਹੂਲਤ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਨੇ ਡਾਇਲਸਿਸ ਕਰਵਾ ਰਹੇ 18 ਸਾਲ ਅਤੇ 25 ਸਾਲ ਦੇ ਦੋ ਨੌਜੁਆਨਾਂ ਦੀ ਛੋਟੀ ਉਮਰ ’ਚ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਹੋਣ ’ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਲਿਵਰ ਅਤੇ ਗੁਰਦਿਆਂ ਦੀ ਬਿਮਾਰੀ ਦੀ ਜੜ੍ਹ ਹਾਈ-ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਬਣਦੀ ਹੈ, ਜਿਸ ਲਈ ਆਮ ਲੋਕਾਂ ’ਚ ਅਜਿਹੇ ਯੂਨਿਟ ਚਲਾਉਣ ਦੇ ਨਾਲ-ਨਾਲ ਅਜਿਹੀਆਂ ਬਿਮਾਰੀਆਂ ਤੋਂ ਬਚਾਅ ਲਈ ਵੀ ਜਾਗਰੂਕਤਾ ਪੈਦਾ ਕਰਨ ’ਚ ਵੀ ਐਨ ਆਰ ਆਈ ਸੰਸਥਾਂਵਾਂ ਅੱਗੇ ਆਉਣ।

ਮਾਤਾ ਗੁੱਜਰੀ ਟ੍ਰੱਸਟ ਦੇ ਚੇਅਰਮੈਨ ਗੁਰਤਾਜ ਸਿੰਘ ਨੇ ਦੱਸਿਆ ਕਿ ਐਨ ਆਰ ਆਈਜ਼ ਦੀ ਪਹਿਲਕਦਮੀ ’ਤੇ ਇਸ ਮੌਕੇ ਜਗਰਾਉਂ, ਨਵਾਂਸ਼ਹਿਰ ਅਤੇ ਭੁਲੱਥ ਦੇ ਸਰਕਾਰੀ ਹਸਪਤਾਲਾਂ ’ਚ ਚਲਾਏ ਜਾ ਰਹੇ ਇਨ੍ਹਾਂ ਡਾਇਲਸਿਸ ਸੈਂਟਰਾਂ ’ਚ ਹਜ਼ਾਰਾਂ ਲੋਕਾਂ ਨੂੰ ਮੁਫ਼ਤ ਡਾਇਲਸਿਸ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਗਲਾ ਯੂਨਿਟ ਲੁਧਿਆਣਾ ਦੇ ਸਰਕਾਰੀ ਹਸਪਤਾਲ ’ਚ ਲਾਇਆ ਵਜਾ ਰਿਹਾ ਹੈ। ਇਸ ਮੌਕੇ ਮੌਜੂਦ ਟ੍ਰੱਸਟ ਨਾਲ ਸਬੰਧਤ ਐਨ ਆਰ ਆਈਜ਼ ’ਚ ਕੁਲਵਰਨ ਸਿੰਘ ਸ਼ੇਰਗਿੱਲ ਸਿਆਟਲ, ਬਾਪੂ ਸਤਨਾਮ ਸਿੰਘ ਯੂ ਐਸ ਏ, ਬਾਪੂ ਮੋਹਣ ਸਿੰਘ ਯੂ ਐਸ ਏ, ਅਵਤਾਰ ਸਿੰਘ ਯੂ ਐਸ ਏ, ਨਰਿੰਦਰ ਸਿੰਘ ਸ਼ੇਰਗਿੱਲ ਕੈਨੇਡਾ, ਪਰਵਿੰਦਰ ਸਿੰਘ ਤੇ ਦਵਿੰਦਰ ਸਿੰਘ ਨਿਊਜ਼ੀਲੈਂਡ ਦੇ ਨਾਮ ਜ਼ਿਕਰਯੋਗ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ’ਚ ਸਮੁੱਚੇ ਸਿਹਤ ਢਾਂਚੇ ਨੂੰ ਦਰੁੱਸਤ ਕਰਨ, ਕਮੀਆਂ ਪੂਰੀਆਂ ਕਰਨ ਅਤੇ ਹੋਰ ਮੁਸ਼ਕਿਲਾਂ ਜਾਣਨ ਲਈ ਉਹ ਸੂਬੇ ਦੀਆਂ ਸਿਹਤ ਸੰਸਥਾਂਵਾਂ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਢਲੇ ਪੱਧਰ ’ਤੇ ਲੋਕਾਂ ਦੀ ਸਿਹਤ ਸੰਭਾਲ ਲਈ ਖੋਲ੍ਹੇ ਗਏ 504 ਆਮ ਆਦਮੀ ਕਲੀਨਿਕਾਂ ਤੋਂ ਲੋਕਾਂ ਨੂੰ ਵੱਡਾ ਲਾਭ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਪੰਜਾਬ ਦੇ ਹਸਪਤਾਲਾਂ ’ਚ ਐਮਰਜੈਂਸੀ ਤੇ ਸਪੈਸ਼ਲਿਸਟ ਡਾਕਟਰਾਂ ਦੀ ਘਾਟ ਪੂਰੀ ਕਰ ਦਿੱਤੀ ਜਾਵੇਗੀ।

ਆਪਣੇ ਜੱਦੀ ਜ਼ਿਲ੍ਹੇ ਨਵਾਂਸ਼ਹਿਰ ਦੇ ਜ਼ਿਲ੍ਹਾ ਹਸਪਤਾਲ ਨੂੰ ਅਗਲੇ ਦਿਨਾਂ ’ਚ ਅਪਗ੍ਰੇਡ ਕਰਨ ਦੀ ਰਣਨੀਤੀ ’ਤੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦੇ ਮੌਜੂਦਾ 100 ਬਿਸਤਰਿਆਂ ਨੂੰ ਪਹਿਲਾਂ 200 ਤੇ ਫ਼ਿਰ 330 ’ਤੇ ਲਿਜਾਣ ਦੀ ਪ੍ਰਕਿਰਿਆ ਵਿਚਾਰ ਅਧੀਨ ਹੈ। ਨਵਾਂਸ਼ਹਿਰ ਦੇ ਜ਼ਿਲ੍ਹਾ ਹਸਪਤਾਲ ’ਚ ਟ੍ਰੌਮਾ ਯੂਨਿਟ, ਜੱਚਾ ਬੱਚਾ ਯੂਨਿਟ ਅਤੇ ਕਿ੍ਰਟੀਕਲ ਕੇਅਰ ਯੂਨਿਟ ਦੀ ਸਥਾਪਨਾ ਦਾ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ’ਚ ਜ਼ਿਲ੍ਹਾ ਹਸਪਤਾਲਾਂ ਨੂੰ ਹਰ ਤਰ੍ਹਾਂ ਦੀਆਂ ਘਾਟਾਂ ਪੂਰੀਆਂ ਕਰਕੇ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਦੇ ਜ਼ਿਲ੍ਹਾ ਹਸਪਤਾਲ ’ਚ ਆਲੇ-ਦੁਆਲੇ ਦੇ ਜ਼ਿਲ੍ਹਿਆਂ ਤੋਂ ਵੀ ਵੱਡੀ ਗਿਣਤੀ ’ਚ ਲੋਕਾਂ ਦੇ ਇਲਾਜ ਲਈ ਆਉਣ ਦੇ ਮੱਦੇਨਜ਼ਰ ਇੱਥੇ ਓ ਪੀ ਡੀ ਦੇ ਕਾਊਂਟਰ ਅਗਲੇ ਦਿਨਾਂ ’ਚ ਵਧਾ ਕੇ 10 ਕਰ ਦਿੱਤੇ ਜਾਣਗੇ।

ਇਸ ਮੌਕੇ ਐਮ ਐਲ ਏ ਨਵਾਂਸ਼ਹਿਰ ਡਾ. ਨਛੱਤਰ ਪਾਲ, ਐਮ ਐਲ ਏ ਬੰਗਾ ਡਾ. ਸੁਖਵਿੰਦਰ ਕੁਮਾਰ ਸੁੱਖੀ, ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ, ਸਿਵਲ ਸਰਜਨ ਡਾ. ਦਵਿੰਦਰ ਢਾਂਡਾ, ਐਸ ਡੀ ਐਮ ਨਵਾਂਸ਼ਹਿਰ ਮੇਜਰ ਸ਼ਿਵਰਾਜ ਸਿੰਘ ਬੱਲ, ਐਸ ਪੀ (ਪੀ ਬੀ ਆਈ) ਇਕਬਾਲ ਸਿੰਘ, ਐਸ ਐਮ ਓ ਜ਼ਿਲ੍ਹਾ ਹਸਪਤਾਲ ਡਾ. ਸਤਵਿੰਦਰ ਕੌਰ ਵਾਲੀਆ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਬੋਹਰ ‘ਚ ਦੋ ਥਾਵਾਂ ‘ਤੇ ਮਾਈਨਰ ਟੁੱਟਣ ਕਾਰਨ ਖੇਤਾਂ ‘ਚ ਭਰਿਆ ਪਾਣੀ: ਕਣਕ ਦੀ ਤਿਆਰ ਫ਼ਸਲ ਦਾ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ

ਚੇਤਨ ਜੌੜਾਮਾਜਰਾ ਵੱਲੋਂ ਪੰਜਾਬ ਦੇ ਪਹਿਲੇ ਮਿਰਚ ਕਲੱਸਟਰ ਦਾ ਰਸਮੀ ਉਦਘਾਟਨ