- ਫਾਇਰ ਬ੍ਰਿਗੇਡ ਦੀਆਂ 100 ਗੱਡੀਆਂ ਅੱਗ ਬੁਝਾਉਣ ‘ਚ ਲੱਗੀਆਂ
ਜਲੰਧਰ, 11 ਫਰਵਰੀ 2024 – ਜਲੰਧਰ ‘ਚ ਗਾਜ਼ੀਗੁੱਲਾ ਰੇਲਵੇ ਕਰਾਸਿੰਗ ਨੇੜੇ ਸਥਿਤ ਚਿਨਾਰ ਫੋਰਜਿੰਗ ਫੈਕਟਰੀ ‘ਚ ਲੱਗੀ ਅੱਗ ‘ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਫਾਇਰ ਬ੍ਰਿਗੇਡ ਦੀਆਂ 100 ਗੱਡੀਆਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਫਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਦੇਰ ਰਾਤ ਜਲੰਧਰ ਦੇ ਡੀਸੀ ਵਿਸ਼ੇਸ਼ ਸਾਰੰਗਲ ਵੀ ਸਥਿਤੀ ਦਾ ਜਾਇਜ਼ਾ ਲੈਣ ਮੌਕੇ ’ਤੇ ਪੁੱਜੇ ਸਨ।
ਜਾਣਕਾਰੀ ਅਨੁਸਾਰ ਐਤਵਾਰ ਸਵੇਰੇ 10 ਵਜੇ ਤੱਕ ਫਾਇਰ ਬ੍ਰਿਗੇਡ ਦੀਆਂ 100 ਤੋਂ ਵੱਧ ਗੱਡੀਆਂ ਦੀ ਵਰਤੋਂ ਕੀਤੀ ਜਾ ਚੁੱਕੀ ਸੀ। ਇਸ ਤੋਂ ਇਲਾਵਾ 30 ਤੋਂ ਵੱਧ ਵਾਹਨ ਵੀ ਵਰਤੇ ਗਏ ਹਨ। ਫੈਕਟਰੀ ਦੇ ਅੰਦਰ ਕੰਬਲ, ਚਟਾਈ, ਗਲੀਚੇ ਅਤੇ ਹੋਰ ਤਿਆਰ ਸਾਮਾਨ ਪਿਆ ਸੀ। ਜੋ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਹੈ।
ਇਹ ਫੈਕਟਰੀ ਸ਼ਹਿਰ ਦੇ ਵੱਡੇ ਉਦਯੋਗਪਤੀ ਸ਼ੀਤਲ ਵਿੱਜ ਦੀ ਹੈ। ਫੈਕਟਰੀ ਮਾਲਕ ਨੇ ਇਕ ਮੀਡੀਆ ਗਰੁੱਪ ਨੂੰ ਦੱਸਿਆ ਕਿ ਸ਼ਨੀਵਾਰ ਹੋਣ ਕਾਰਨ ਫੈਕਟਰੀ ਵਿਚ ਛੁੱਟੀ ਸੀ। ਇਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਹਾਲਾਂਕਿ ਕਰੋੜਾਂ ਰੁਪਏ ਦਾ ਕੱਚਾ ਮਾਲ ਪੂਰੀ ਤਰ੍ਹਾਂ ਸੁਆਹ ਹੋ ਗਿਆ। ਹਾਲਾਂਕਿ ਉਦਯੋਗਪਤੀ ਸ਼ੀਤਲ ਵਿੱਜ ਦੀ ਇਕ ਹੋਰ ਫੈਕਟਰੀ ‘ਚ ਤਾਇਨਾਤ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਵੀ ਅੱਗ ਬੁਝਾਉਣ ‘ਚ ਜੁਟੀਆਂ ਹੋਈਆਂ ਹਨ।
ਜਾਣਕਾਰੀ ਮੁਤਾਬਕ ਇਹ ਅੱਗ ਸ਼ਨੀਵਾਰ ਸ਼ਾਮ ਕਰੀਬ 5.40 ਵਜੇ ਲੱਗੀ। ਸੂਚਨਾ ਮਿਲਦੇ ਹੀ ਜਲੰਧਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਉਦੋਂ ਤੋਂ ਅੱਗ ‘ਤੇ ਕਾਬੂ ਪਾਉਣ ਦਾ ਕੰਮ ਜਾਰੀ ਹੈ। ਧਿਆਨ ਰਹੇ ਕਿ ਅੱਗ ਲੱਗਣ ਕਾਰਨ ਪਾਵਰਕੌਮ ਨੇ ਪੂਰੇ ਇਲਾਕੇ ਦੀ ਬਿਜਲੀ ਬੰਦ ਕਰ ਦਿੱਤੀ ਸੀ। ਜੋ ਕਿ 8 ਘੰਟੇ ਤੋਂ ਵੱਧ ਸਮਾਂ ਬੰਦ ਰਹੀ।
ਅੱਗ ਲੱਗਣ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਦੱਸ ਦੇਈਏ ਕਿ ਫੈਕਟਰੀ ਦੇ ਅੰਦਰ ਸਾਰੇ ਕੱਪੜੇ ਅਤੇ ਜਲਣ ਵਾਲਾ ਰਸਾਇਣ ਪਿਆ ਸੀ। ਜਿਸ ਕਾਰਨ ਅੱਗ ‘ਤੇ ਕਾਬੂ ਪਾਉਣ ‘ਚ ਕਾਫੀ ਸਮਾਂ ਲੱਗ ਰਿਹਾ ਹੈ। ਖੁਸ਼ਕਿਸਮਤੀ ਦੀ ਗੱਲ ਹੈ ਕਿ ਘਟਨਾ ਸਮੇਂ ਫੈਕਟਰੀ ਵਿੱਚ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਸੀ। ਨਹੀਂ ਤਾਂ ਹਾਦਸਾ ਵੱਡਾ ਹੋ ਸਕਦਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਦੂਰ-ਦੂਰ ਤੱਕ ਫੈਲ ਗਈ ਹੈ। ਜਿਸ ਕਾਰਨ ਕਈ ਹਿੱਸਿਆਂ ‘ਚ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੱਡੀ ਅੱਗ ਲੱਗਣ ਕਾਰਨ ਫਾਇਰ ਬ੍ਰਿਗੇਡ ਦੀਆਂ ਦਸ ਤੋਂ ਵੱਧ ਟੀਮਾਂ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਦੱਸ ਦੇਈਏ ਕਿ ਸ਼ਨੀਵਾਰ ਸ਼ਾਮ 6 ਵਜੇ ਇਸ ਸਾਰੀ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਕੰਟਰੋਲ ਰੂਮ ਨੂੰ ਦਿੱਤੀ ਗਈ।