ਬਠਿੰਡਾ ,21 ਮਾਰਚ 2023: ਵਿਜੀਲੈਂਸ ਬਿਊਰੋ ਬਠਿੰਡਾ ਨੇ ਸਾਬਕਾ ਕਾਂਗਰਸੀ ਮੰਤਰੀ ਅਤੇ ਰਾਮਪੁਰਾ ਹਲਕੇ ਤੋਂ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਕੋਲੋਂ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਲੰਬੀ ਪੁੱਛ ਪੜਤਾਲ ਕੀਤੀ ਹੈ। ਵਿਜੀਲੈਂਸ ਅਧਿਕਾਰੀਆਂ ਨੇ ਇਕ ਹਫਤੇ ਦੇ ਅੰਦਰ-ਅੰਦਰ ਕਾਂਗੜ ਨੂੰ ਆਪਣੀ ਜਾਇਦਾਦ ਦੇ ਵੇਰਵੇ ਪੇਸ਼ ਕਰਨ ਲਈ ਵੀ ਆਖਿਆ ਹੈ। ਹਾਲਾਂ ਕਿ ਵਿਜੀਲੈਂਸ ਬਿਊਰੋ ਬਠਿੰਡਾ ਦੇ ਅਧਿਕਾਰੀ ਇਸ ਮੁੱਦੇ ਤੇ ਬਹੁਤੀ ਗੱਲਬਾਤ ਕਰਨ ਲਈ ਤਿਆਰ ਨਹੀਂ ਹੋਵੇ ਪਰੰਤੂ ਵਿਜੀਲੈਂਸ ਦੀ ਇਸ ਕਾਰਵਾਈ ਨਾਲ ਸਾਬਕਾ ਮਾਲ ਮੰਤਰੀ ਕਾਂਗੜ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ।
ਕਾਂਗੜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀਆਂ ਵਿਚੋਂ ਇੱਕ ਹਨ। ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਪਹਿਲੀ ਵਾਰ ਆਜ਼ਾਦ ਚੋਣ ਜਿੱਤ ਗਏ ਉਨ੍ਹਾਂ ਨੇ ਕੈਪਟਨ ਦੇ ਕਹਿਣ ਤੇ ਹੀ ਕਾਂਗਰਸ ਵਿਚ ਸ਼ਮੂਲੀਅਤ ਕੀਤੀ ਸੀ। ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਖਤਮ ਹੋਣ ਤੋਂ ਬਾਅਦ ਕਾਂਗੜ ਨੂੰ ਵੀ ਵਜਾਰਤ ਵਿਚੋਂ ਬਾਹਰ ਕਰ ਦਿੱਤਾ ਸੀ ।ਮੰਨਿਆ ਜਾਂਦਾ ਹੈ ਕਿ ਕੈਪਟਨ ਦੇ ਭਾਜਪਾ ਸ਼ਾਮਲ ਹੋਣ ਤੋਂ ਬਾਅਦ ਕਾਂਗੜ ਵੀ ਉਸੇ ਰਸਤੇ ਤੁਰੇ ਹਨ ਅਤੇ ਹੁਣ ਉਹ ਭਾਜਪਾ ਦੇ ਸੂਬਾ ਜਨਰਲ ਸਕੱਤਰ ਹਨ।
ਜਾਣਕਾਰੀ ਅਨੁਸਾਰ ਵਿਜੀਲੈਂਸ ਨੂੰ ਕਾਂਗੜ ਖ਼ਿਲਾਫ਼ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਬਾਰੇ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ।ਕਾਂਗਰਸ ਸਰਕਾਰ ਦੌਰਾਨ ਮਾਲ ਮੰਤਰੀ ਰਹੇ ਤੇ ਹੁਣ ਭਾਜਪਾ ਦੇ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਕਾਂਗੜ ਖਿਲਾਫ਼ ਵਿਜੀਲੈਂਸ ਨੇ ਹੁਣ ਸਖਤੀ ਵਾਲਾ ਪੈਂਤੜਾ ਅਖ਼ਤਿਆਰ ਕੀਤਾ ਹੈ। ਕਾਂਗੜ ਤੋਂ ਵਿਜੀਲੈਂਸ ਦੇ ਬਠਿੰਡਾ ਸਥਿਤ ਦਫ਼ਤਰ ’ਚ ਕਰੀਬ ਸਾਢੇ ਸੱਤ ਘੰਟੇ ਤੱਕ ਪੁੱਛਗਿੱਛ ਕੀਤੀ ਗਈ।
ਪਤਾ ਲੱਗਿਆ ਹੈ ਕਿ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਕਾਂਗੜ ਵੱਲੋਂ ਦਿੱਤੇ ਜਵਾਬਾਂ ਪ੍ਰਤੀ ਤਸੱਲੀ ਨਹੀਂ ਹੋਈ ਹੈ ਜਿਸ ਕਾਰਨ ਜਾਂਚ ਟੀਮ ਨੇ ਉਨ੍ਹਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ । ਜਾਂਚ ਅਧਿਕਾਰੀਆਂ ਨੇ ਕਾਂਗੜ ਨੂੰ ਆਮਦਨ ਦੇ ਅਧਾਰ ਤੇ ਜਾਇਦਾਦ ਦੇ ਵੇਰਵਿਆਂ ਸਮੇਤ ਮੁੜ ਦਫ਼ਤਰ ਆਉਣ ਦੀ ਤਾਕੀਦ ਕੀਤੀ ਹੈ । ਗੁਰਪ੍ਰੀਤ ਕਾਂਗੜ ਸਵੇਰੇ ਕਰੀਬ 10 ਵਜੇ ਵਿਜੀਲੈਂਸ ਦਫ਼ਤਰ ਪੁੱਜੇ ਜਿੱਥੇ ਵਿਜੀਲੈਂਸ ਬਠਿੰਡਾ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਲਗਾਤਾਰ ਸੱਤ ਘੰਟੇ ਸਵਾਲ ਕੀਤੇ।
ਵੇਰਵਿਆਂ ਮੁਤਾਬਕ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਖਿਲਾਫ਼ ਵਿਜੀਲੈਂਸ ਕੋਲ ਦਰਖਾਸਤ ਪੁੱਜੀ ਹੋਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਕਾਂਗੜ ਨੇ ਆਪਣੀ ਆਮਦਨ ਦੇ ਵਸੀਲਿਆਂ ਤੋਂ ਵੱਧ ਜਾਇਦਾਦ ਬਣਾਈ ਹੈ। ਇਸ ਸਬੰਧੀ ਵਿਜੀਲੈਂਸ ਟੀਮ ਨੇ ਉਨ੍ਹਾਂ ਨੂੰ ਪੁੱਛਗਿੱਛ ਲਈ ਆਪਣੇ ਦਫ਼ਤਰ ਪੇਸ਼ ਹੋਣ ਲਈ ਆਖਿਆ ਸੀ ਸੀ। ਗੁਰਪ੍ਰੀਤ ਕਾਂਗੜ ਸਵੇਰੇ ਕਰੀਬ 10 ਵਜੇ ਵਿਜੀਲੈਸ ਦਫਤਰ ਆਏ ਅਤੇ ਸ਼ਾਮ ਨੂੰ 5:30 ਵਜੇ ਬਾਹਰ ਨਿਕਲੇ।
ਪੁੱਛਗਿੱਛ ਤੋਂ ਬਾਅਦ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗੜ ਨੇ ਕਿਹਾ ਕਿ ਉਸ ਖਿਲਾਫ਼ ਸਿਰਫ ਇੱਕ ਦਰਖਾਸਤ ਆਈ ਹੈ, ਉਹ ਕੋਈ ਮੁਲਜ਼ਮ ਨਹੀਂ ਹਨ। ਉਨ੍ਹਾਂ ਕਿਹਾ ਕਿ ਹੈ ਵਿਜੀਲੈਂਸ ਟੀਮ ਵੱਲੋਂ ਪੁੱਛਗਿੱਛ ਦੌਰਾਨ ਉਨਾਂ ਨਾਲ ਸਹੀ ਵਤੀਰਾ ਨਹੀਂ ਅਪਣਾਇਆ ਹੈ । ਉਨ੍ਹਾਂ ਕਿਹਾ ਕਿ ਹੈ ਅਜਿਹਾ ਵਰਤਾਰਾ ਇੱਕ ਸਾਬਕਾ ਮੰਤਰੀ ਨਾਲ ਨਹੀਂ ਵਰਤਾਇਆ ਜਾਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਉਨਾਂ ਦੀ ਜਾਇਦਾਦ ਆਦਿ ਬਾਰੇ ਕੁਝ ਵੀ ਲੁਕਿਆ ਛੁਪਿਆ ਨਹੀਂ ਬਲਕਿ ਸਭ ਕੁਝ ਪਾਰਦਰਸ਼ੀ ਹੈ । ਉਹਨਾਂ ਕਿਹਾ ਕਿ ਉਹ ਤਾਂ ਖੁਦ ਇਸ ਗੱਲ ਦੇ ਹਾਮੀ ਹਨ ਕਿ ਗੱਲਤ ਕੰਮ ਜਾਂ ਭਿ੍ਸ਼ਟਾਚਾਰ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ । ਪੁਨਰ ਪੁੱਛਗਿੱਛ ਦੇ ਚਲਦਿਆਂ ਕਿਸੇ ਵੀ ਕਿਸਮ ਦੀ ਅਗਾਊਂ ਜ਼ਮਾਨਤ ਨਾ ਲੈਣ ਦੀ ਗੱਲ ਵੀ ਆਖੀ ਹੈ।
ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਜੋ ਉਨਾਂ ਨੇ ਆਪਣੀ ਜਾਇਦਾਦ ਬਾਰੇ ਦੱਸਿਆ ਉਹ ਉਨਾਂ ਦੀ ਜੱਦੀ ਹੈ। ਕਾਂਗੜ ਨੇ ਦੱਸਿਆ ਕਿ ਉਸ ਨੂੰ ਇੱਕ ਪ੍ਰੋਫਾਰਮਾ ਵਿਜੀਲੈਂਸ ਵੱਲੋਂ ਦਿੱਤਾ ਗਿਆ ਹੈ, ਜਿਸ ਨੂੰ ਭਰਕੇ ਸੌਂਪਿਆ ਜਾਵੇਗਾ ਜਿਸ ’ਚ ਜੋ ਵਿਜੀਲੈਂਸ ਨੂੰ ਕੋਈ ਗਲਤ ਲੱਗੇਗਾ ਉਸ ਬਾਰੇ ਪੁੱਛਗਿੱਛ ਕਰ ਸਕਦੀ ਹੈ।
ਮੇਰੇ ਖਿਲਾਫ਼ ਇਹ ਸਾਜਿਸ਼ : ਕਾਂਗੜ
ਸ਼ਿਕਾਇਤ ਕਰਤਾ ਬਾਰੇ ਪੁੱਛੇ ਜਾਣ ’ਤੇ ਕਾਂਗੜ ਨੇ ਕਿਹਾ ਕਿ ਇਸ ਬਾਰੇ ਕੁੱਝ ਪਤਾ ਨਹੀਂ। ਉਨਾਂ ਕਿਹਾ ਕਿ ਇਹ ਕਿਸੇ ਦੀ ਸਾਜਿਸ਼ ਹੀ ਹੈ, ਜੋ ਬੇਨਾਮੀ ਚਿੱਠੀਆਂ ਲਿਖ ਕੇ ਦੋਸ਼ ਲਗਾ ਰਹੇ ਹਨ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਸਿਆਸੀ ਵਿਅਕਤੀ ਦੇ ਬੜੇ ਦੁਸ਼ਮਣ ਹੋ ਜਾਂਦੇ ਹਨ ਇਸ ਲਈ ਸਿਆਸੀ ਰੰਜਿਸ਼ ਦੀ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ। ਉਨ੍ਹ ਕਿਹਾ ਕਿ ਉਹ ਗ੍ਰਿਫਤਾਰੀ ਤੋਂ ਬਚਣ ਲਈ ਭਾਜਪਾ ਸ਼ਾਮਲ ਨਹੀਂ ਹੋਏ ਹਨ। ਮੈਂ ਕਿਹਾ ਕਿ ਜੇ ਉਹ ਜਾਂਚ ਦੌਰਾਨ ਝੂਠੇ ਸਾਬਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।