ਮੋਹਾਲੀ, 6 ਅਗਸਤ 2025 – ਮੋਹਾਲੀ ਦੇ ਉਦਯੋਗਿਕ ਖੇਤਰ ਵਿੱਚ ਇੱਕ ਫੈਕਟਰੀ ਵਿੱਚ ਸਿਲੰਡਰ ਬਲਾਸਟ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ 3 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਆਲੇ-ਦੁਆਲੇ ਦੇ ਘਰਾਂ ਦੀਆਂ ਕੰਧਾਂ ਹਿੱਲ ਗਈਆਂ ਅਤੇ ਫੈਕਟਰੀ ਦੀ ਛੱਤ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ। ਫਿਲਹਾਲ ਧਮਾਕੇ ਦਾ ਸਹੀ ਕਾਰਨ ਸਪੱਸ਼ਟ ਨਹੀਂ ਹੈ। ਪੁਲਿਸ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਜਾਣਕਾਰੀ ਅਨੁਸਾਰ, ਜਿਸ ਜਗ੍ਹਾ ‘ਤੇ ਧਮਾਕਾ ਹੋਇਆ ਉਹ ਇੱਕ ਆਕਸੀਜਨ ਪਲਾਂਟ ਸੀ। ਪਤਾ ਲੱਗਾ ਹੈ ਕਿ ਇੱਥੇ ਸਿਲੰਡਰ ਲੋਡ ਕੀਤੇ ਜਾ ਰਹੇ ਸਨ। ਇਸ ਦੌਰਾਨ ਅਚਾਨਕ ਸਿਲੰਡਰ ਵਿੱਚ ਧਮਾਕਾ ਹੋਇਆ। ਇਸ ਦੌਰਾਨ ਲਗਭਗ 5 ਲੋਕ ਜ਼ਖਮੀ ਹੋ ਗਏ। ਇਸ ਵਿੱਚੋਂ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਡੀਐਸਪੀ ਹਰਸਿਮਰਨ ਬੱਲ ਨੇ ਮੌਤਾਂ ਦੀ ਪੁਸ਼ਟੀ ਕੀਤੀ।
ਮੋਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਹੰਸ ਮੌਕੇ ‘ਤੇ ਪਹੁੰਚ ਗਏ ਹਨ। ਉਹ ਹੁਣ ਪੂਰੀ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਇਸ ਦੌਰਾਨ, ਪ੍ਰਸ਼ਾਸਨ ਦੀਆਂ ਟੀਮਾਂ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਇਹ ਸਪੱਸ਼ਟ ਨਹੀਂ ਹੈ ਕਿ ਧਮਾਕਾ ਕਿਵੇਂ ਹੋਇਆ।

