ਅੰਮ੍ਰਿਤਸਰ, 27 ਅਗਸਤ 2022 – ਬੀਤੇ ਕਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਕੈਮਿਸਟਰੀ ਵਿਭਾਗ ਵਿੱਚ ਪ੍ਰੈਕਟੀਕਲ ਦੌਰਾਨ ਅਚਾਨਕ ਧਮਾਕਾ ਹੋ ਗਿਆ। ਜਿਸ ‘ਚ ਕਈ ਵਿਦਿਆਰਥੀ ਜ਼ਖਮੀ ਹੋ ਗਏ ਹਨ, ਜਦਕਿ ਇਕ ਵਿਦਿਆਰਥਣ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਵਿਦਿਆਰਥਣ ਨੂੰ ਤੁਰੰਤ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ। ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਿਦਿਆਰਥੀ ਰਿਫਿਊਜ ਡਰਾਈਵ ਫਿਊਲ (ਆਰਡੀਐਫ) ਦਾ ਅਭਿਆਸ ਕਰ ਰਹੇ ਸਨ।
ਘਟਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੀ ਹੈ। ਬਾਅਦ ਦੁਪਹਿਰ ਕੈਮਿਸਟਰੀ ਵਿਭਾਗ ਦੀ ਲੈਬ ਵਿੱਚ ਵਿਦਿਆਰਥੀ ਕੈਮੀਕਲ ਨਾਲ ਪ੍ਰੈਕਟੀਕਲ ਕਰ ਰਹੇ ਸਨ। ਉਹ RDF ਯਾਨੀ ਵੇਸਟ ਮਟੀਰੀਅਲ ਤੋਂ ਈਂਧਨ ਤਿਆਰ ਕਰਨ ਦਾ ਪ੍ਰੈਕਟੀਕਲ ਕਰ ਰਹੇ ਸੀ। ਇਸ ਦੌਰਾਨ ਗਲਤ ਕੈਮੀਕਲ ਰਿਐਕਸ਼ਨ ਹੋਇਆ ਅਤੇ ਜ਼ੋਰਦਾਰ ਧਮਾਕਾ ਹੋਇਆ। ਇਸ ਦੌਰਾਨ ਪ੍ਰੈਕਟੀਕਲ ਕਰ ਰਹੀ ਮੁਸਕਾਨ ਗੰਭੀਰ ਜ਼ਖ਼ਮੀ ਹੋ ਗਈ। ਜਦਕਿ ਲੈਬ ‘ਚ ਖੜ੍ਹੇ ਕਈ ਵਿਦਿਆਰਥੀਆਂ ਨੂੰ ਵੀ ਸੱਟਾਂ ਲੱਗੀਆਂ ਹਨ।
ਮੁਸਕਾਨ ਦੇ ਨਾਲ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਧਮਾਕੇ ਦੇ ਸਮੇਂ ਉਹ ਉਸ ਦੇ ਸਭ ਤੋਂ ਨੇੜੇ ਸੀ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਉਸ ਨੂੰ ਤੁਰੰਤ ਅਮਨਦੀਪ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਵਿਭਾਗ ਦੇ ਮੁਖੀ ਡਾ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੁਸਕਾਨ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।