ਚੰਡੀਗੜ੍ਹ, 17 ਅਪ੍ਰੈਲ 2022 – ਪੰਜਾਬ ਦੇ ਸਾਬਕਾ ਡੀਜੀਪੀ ਦੇ ਨਾਂ ‘ਤੇ ਫਰਜ਼ੀ ਤਰੱਕੀ ਦੇ ਹੁਕਮ ਜਾਰੀ ਕਰਨ ਦੇ ਮਾਮਲੇ ‘ਚ ਹੁਣ 6 ਮੁਲਜ਼ਮਾਂ ਖਿਲਾਫ ਚੰਡੀਗੜ੍ਹ ਜ਼ਿਲਾ ਅਦਾਲਤ ‘ਚ ਟਰਾਇਲ ਚੱਲੇਗਾ। ਚੰਡੀਗੜ੍ਹ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਚਾਰਜਸ਼ੀਟ ਪੇਸ਼ ਕੀਤੀ ਗਈ ਹੈ, ਜਿਸ ਵਿੱਚ ਜਾਅਲਸਾਜ਼ੀ, ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਵਰਗੀਆਂ ਧਾਰਾਵਾਂ ਸ਼ਾਮਲ ਹਨ।
ਜਿਨ੍ਹਾਂ ਮੁਲਜ਼ਮਾਂ ਖ਼ਿਲਾਫ਼ ਕੇਸ ਚੱਲੇਗਾ, ਉਨ੍ਹਾਂ ਵਿੱਚ ਸੰਦੀਪ ਕੁਮਾਰ, ਮਨੀ ਕਟੋਚ, ਬਹਾਦਰ ਸਿੰਘ, ਸਤਵੰਤ ਸਿੰਘ, ਸਰਬਜੀਤ ਸਿੰਘ ਅਤੇ ਡੀਜੀਪੀ ਦੇ ਸਾਬਕਾ ਪੀਏ ਕੁਲਵਿੰਦਰ ਸਿੰਘ ਸ਼ਾਮਲ ਹਨ। ਮਾਮਲੇ ਦੇ ਦੋ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਸੰਦੀਪ ਕੁਮਾਰ ਅਤੇ ਬਹਾਦਰ ਸਿੰਘ ਡੀਜੀਪੀ ਦਫ਼ਤਰ ਵਿੱਚ ਸੁਪਰਡੈਂਟ ਵਜੋਂ ਕੰਮ ਕਰ ਰਹੇ ਸਨ। ਉੱਥੇ ਮਨੀ ਕਟੋਚ ਹੈੱਡ ਕਾਂਸਟੇਬਲ ਸੀ।
ਕਰੀਬ 500 ਪੰਨਿਆਂ ਦੀ ਚਾਰਜਸ਼ੀਟ ਵਿੱਚ ਚੰਡੀਗੜ੍ਹ ਪੁਲੀਸ ਨੇ ਇਸ ਧੋਖਾਧੜੀ ਨੂੰ ਅੰਜਾਮ ਦੇਣ ਅਤੇ ਮੁਲਜ਼ਮਾਂ ਦੀ ਭੂਮਿਕਾ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ। ਗਵਾਹਾਂ ਦੀ ਸੂਚੀ ਵੀ ਸ਼ਾਮਲ ਹੈ। ਪੰਜਾਬ ਪੁਲੀਸ ਦੇ ਡੀਐਸਪੀ ਦੀ ਸ਼ਿਕਾਇਤ ’ਤੇ ਚੰਡੀਗੜ੍ਹ ਪੁਲੀਸ ਨੇ 12 ਜਨਵਰੀ ਨੂੰ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਜਾਂਚ ਵਿੱਚ ਲਾਭਪਾਤਰੀਆਂ ਵਜੋਂ ਪੰਜਾਬ ਪੁਲੀਸ ਦੇ ਕਾਂਸਟੇਬਲ, ਏਐਸਆਈ, ਐਸਆਈ ਰੈਂਕ ਦੇ ਅਧਿਕਾਰੀਆਂ ਦੇ ਨਾਂ ਸਾਹਮਣੇ ਆਏ ਸਨ।
ਉਨ੍ਹਾਂ ਦੇ ਫਰਜ਼ੀ ਤਰੱਕੀ ਪੱਤਰ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਦੇ ਨਾਂ ‘ਤੇ ਜਾਰੀ ਕੀਤੇ ਗਏ ਸਨ। ਪੰਜਾਬ ਪੁਲਿਸ ਸੇਵਾ ਨਿਯਮਾਂ ਤਹਿਤ ਕੁੱਲ 11 ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਉਤਕਰਸ਼ ਸੇਵਾਵਾਂ ਲਈ ਤਰੱਕੀ ਦਿੱਤੀ ਗਈ ਹੈ। ਜਦੋਂ ਇਨ੍ਹਾਂ ਹੁਕਮਾਂ ਦੀ ਜਾਂਚ ਕੀਤੀ ਗਈ ਤਾਂ ਇਹ ਫਰਜ਼ੀ ਪਾਏ ਗਏ। ਮਾਮਲੇ ਦੀ ਅਗਲੀ ਸੁਣਵਾਈ 19 ਅਪ੍ਰੈਲ ਨੂੰ ਹੋਵੇਗੀ।
ਫ਼ਰਜ਼ੀ ਹੁਕਮਾਂ ‘ਤੇ ਕੀਤੀਆਂ ਹੱਥ ਲਿਖਤਾਂ ਆਦਿ ਨੂੰ ਜਾਂਚ ਲਈ ਕੇਂਦਰੀ ਫੋਰੈਂਸਿਕ ਸਾਇੰਸ ਲੈਬਾਰਟਰੀ ਭੇਜ ਦਿੱਤਾ ਗਿਆ। ਇਸ ਦੀ ਰਿਪੋਰਟ ਮਿਲਦੇ ਹੀ ਪੁਲਸ ਇਸ ਨੂੰ ਸਪਲੀਮੈਂਟਰੀ ਚਾਰਜਸ਼ੀਟ ਦੇ ਰੂਪ ‘ਚ ਅਦਾਲਤ ‘ਚ ਪੇਸ਼ ਕਰੇਗੀ। ਫਰਜ਼ੀ ਤਰੱਕੀ ਦੇ ਆਰਡਰ ਡਿਸਪੈਚ ਰਜਿਸਟਰ ਵਿੱਚ ਪਿਛਲੀ ਤਾਰੀਖ ਦੇ ਨਾਲ ਰੱਖੇ ਗਏ ਸਨ। ਮੁਲਜ਼ਮਾਂ ਨੇ ਇੰਸਪੈਕਟਰ ਰੈਂਕ ਦੇ ਅਧਿਕਾਰੀ ਦੀ ਸਾਲਾਨਾ ਗੁਪਤ ਰਿਪੋਰਟ (ਏਸੀਆਰ) ਨਾਲ ਵੀ ਛੇੜਛਾੜ ਕੀਤੀ ਸੀ।