- ਊਸ਼ਾ ਕੰਪਨੀ ਦਾ ਮਾਰਕਾ ਹੋਇਆ ਸੀ ਲਾਇਆ
- ਅਧਿਕਾਰੀ ਦਾ ਧਰਨਾ, ਕਿਹਾ- ਪੁਲਿਸ ਨਹੀਂ ਕਰ ਰਹੀ ਕਾਰਵਾਈ
ਲੁਧਿਆਣਾ, 2 ਸਤੰਬਰ 2023 – ਲੁਧਿਆਣਾ ਦੇ ਢੰਡਾਰੀ ਕਲਾਂ ‘ਚ ਊਸ਼ਾ ਕੰਪਨੀ ਦੇ ਨਾਂ ‘ਤੇ ਨਕਲੀ ਸਿਲਾਈ ਮਸ਼ੀਨਾਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਹੋਇਆ ਹੈ। ਕਾਪੀਰਾਈਟ ਐਕਟ ਦੇ ਤਹਿਤ ਸਪੀਡ ਨੈੱਟਵਰਕ ਚੰਡੀਗੜ੍ਹ ਦੇ ਡਾਇਰੈਕਟਰ ਨੇ ਥਾਣਾ ਸਾਹਨੇਵਾਲ ਨੂੰ ਨਾਲ ਲੈ ਕੇ ਛਾਪਾ ਮਾਰਿਆ। ਉਨ੍ਹਾਂ ਕੋਲੋਂ ਕਰੀਬ 5 ਕਰੋੜ ਰੁਪਏ ਦਾ ਸਾਮਾਨ ਬਰਾਮਦ ਹੋਇਆ, ਜਿਸ ਨੂੰ ਜਾਅਲੀ ਨਿਸ਼ਾਨ ਲਗਾ ਕੇ ਬੰਗਲਾਦੇਸ਼ ਭੇਜਿਆ ਜਾਣਾ ਸੀ।
ਦੂਜੇ ਪਾਸੇ ਕਾਰਵਾਈ ਨਾ ਹੋਣ ਕਾਰਨ ਨਾਰਾਜ਼ ਕੰਪਨੀ ਅਧਿਕਾਰੀ ਸਾਹਨੇਵਾਲ ਥਾਣੇ ਵਿੱਚ ਹੀ ਧਰਨੇ ’ਤੇ ਬੈਠ ਗਏ। ਉਨ੍ਹਾਂ ਨੇ ਐੱਸਐੱਚਓ ‘ਤੇ ਗੰਭੀਰ ਦੋਸ਼ ਲਾਏ। ਰਮੇਸ਼ ਦੱਤ ਨੇ ਦੱਸਿਆ ਕਿ ਉਹ ਸਪੀਡ ਨੈੱਟਵਰਕ ਚੰਡੀਗੜ੍ਹ ਦੇ ਡਾਇਰੈਕਟਰ ਹਨ। ਊਸ਼ਾ ਕੰਪਨੀ ਨੇ ਉਨ੍ਹਾਂ ਨੂੰ ਕਾਪੀਰਾਈਟ ਤਹਿਤ ਕਾਰਵਾਈ ਕਰਨ ਦਾ ਅਧਿਕਾਰ ਦਿੱਤਾ ਹੈ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਢੰਡਾਰੀ ‘ਚ ਰੈਸਟ ਗਲੋਬਲ ਨਾਂ ਦੀ ਫੈਕਟਰੀ ਚੱਲ ਰਹੀ ਹੈ।
ਇਸ ਫੈਕਟਰੀ ਵਿੱਚ ਊਸ਼ਾ ਕੰਪਨੀ ਦਾ ਮਾਰਕਾ ਲਗਾ ਕੇ ਨਕਲੀ ਮਸ਼ੀਨਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਕਈ ਰਾਜਾਂ ਅਤੇ ਨੇੜਲੇ ਦੇਸ਼ਾਂ ਵਿੱਚ ਭੇਜੀਆਂ ਜਾ ਰਹੀਆਂ ਹਨ। ਪੁਲਿਸ ਥਾਣਾ ਸਾਹਨੇਵਾਲ ਨੂੰ ਲਿਖਤੀ ਸ਼ਿਕਾਇਤ ਦੇ ਕੇ ਐਸ.ਐਚ.ਓ ਦੀ ਹਾਜ਼ਰੀ ‘ਚ ਛਾਪੇਮਾਰੀ ਕੀਤੀ ਗਈ ਤਾਂ ਵੱਡੀ ਗਿਣਤੀ ‘ਚ ਜਾਅਲੀ ਮਸ਼ੀਨ ਬਰਾਮਦ ਹੋਈ ਹੈ।
ਫੈਕਟਰੀ ਵਿੱਚ ਕਰੀਬ 5 ਕਰੋੜ ਰੁਪਏ ਦਾ ਸਾਮਾਨ ਤਿਆਰ ਕੀਤਾ ਹੋਇਆ ਸੀ। ਰਮੇਸ਼ ਦੱਤ ਨੇ ਦੋਸ਼ ਲਾਏ ਕਿ ਛਾਪੇਮਾਰੀ ਦੌਰਾਨ ਐਸਐਚਓ ਨੇ ਕਿਹਾ ਕਿ ਉਸ ਕੋਲ ਅਜੇ ਲੇਬਰ ਨਹੀਂ ਹੈ, ਇਸ ਲਈ ਉਹ ਮਸ਼ੀਨਾਂ ਨੂੰ ਥਾਣੇ ਨਹੀਂ ਲੈ ਜਾ ਸਕਦਾ। ਉਸ ਨੇ ਫੈਕਟਰੀ ਮੈਨੇਜਰ ਨੂੰ ਥਾਣੇ ਬੁਲਾਇਆ ਸੀ। ਕਾਫੀ ਸਮਾਂ ਬੀਤ ਜਾਣ ’ਤੇ ਵੀ ਜਦੋਂ ਪੁਲੀਸ ਨੇ ਜਾਅਲੀ ਮਸ਼ੀਨਾਂ ਨੂੰ ਨਹੀਂ ਚੁੱਕਿਆ ਤਾਂ ਉਸ ਨੇ ਆਪਣੀ ਲੇਬਰ ਭੇਜਣ ਲਈ ਵੀ ਕਿਹਾ ਪਰ ਪੁਲੀਸ ਨੇ ਜਾਅਲੀ ਮਸ਼ੀਨਾਂ ਨੂੰ ਜ਼ਬਤ ਨਹੀਂ ਕੀਤਾ।
ਛਾਪੇਮਾਰੀ ਦੇ 24 ਘੰਟੇ ਬਾਅਦ ਐਸ.ਐਚ.ਓ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਕੋਈ ਕਾਰਵਾਈ ਨਹੀਂ ਕਰਨਗੇ। ਡਾਇਰੈਕਟਰ ਦੱਤ ਨੇ ਐਸਐਚਓ ’ਤੇ ਜਾਅਲੀ ਮਸ਼ੀਨਾਂ ਬਣਾ ਕੇ ਬਰਾਮਦਕਾਰਾਂ ਨਾਲ ਮਿਲੀਭੁਗਤ ਕਰਨ ਦਾ ਦੋਸ਼ ਲਾਇਆ।