ਲੁਧਿਆਣਾ, 23 ਅਗਸਤ 2023 – ਲੁਧਿਆਣਾ ਦੇ ਬੱਦੋਵਾਲ ਸਥਿਤ ਸਰਕਾਰੀ ਸਕੂਲ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਸਰਕਾਰੀ ਸਮਾਰਟ ਸਕੂਲ ਦੀ ਉਸਾਰੀ ਅਧੀਨ ਬਿਲਡਿੰਗ ਦੀ ਛੱਤ ਡਿੱਗਣ ਕਾਰਨ 4 ਅਧਿਆਪਕਾਵਾਂ ਅਤੇ ਕੁਝ ਹੋਰ ਲੋਕ ਮਲਬੇ ‘ਚ ਦੱਬੇ ਗਏ। ਜਿਸ ਵਿੱਚ ਚਾਰੋਂ ਅਧਿਆਪਕਾਂ ਨੂੰ ਲੋਕਾਂ ਨੇ ਬਚਾ ਲਿਆ ਹੈ। ਇਸ ਦੇ ਨਾਲ ਹੀ ਮਲਬੇ ‘ਚ ਫਸੇ ਬਾਕੀ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਅਧਿਆਪਕਾਂ ਦੇ ਸਟਾਫ ਰੂਮ ਦਾ ਲੈਂਟਰ ਡਿੱਗ ਗਿਆ ਹੈ। ਘਟਨਾ ਤੋਂ ਬਾਅਦ ਆਸਪਾਸ ਦੇ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਰਨਾ ਸ਼ੁਰੂ ਕਰ ਦਿੱਤਾ ਹੈ। ਬਚਾਏ ਗਏ ਅਧਿਆਪਕਾਂ ਨੂੰ ਤੁਰੰਤ ਲੁਧਿਆਣਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਘਟਨਾ ਸਮੇਂ ਬੱਚੇ ਵੀ ਸਕੂਲ ਵਿੱਚ ਮੌਜੂਦ ਸਨ। ਜ਼ਖ਼ਮੀ ਅਧਿਆਪਕਾਵਾਂ ਦੀ ਪਛਾਣ ਨਰਿੰਦਰ ਜੀਤ ਕੌਰ, ਰਵਿੰਦਰ ਕੌਰ, ਇੰਦੂ ਰਾਣੀ ਅਤੇ ਸੁਰਜੀਤ ਕੌਰ ਵਜੋਂ ਹੋਈ ਹੈ।
ਹਾਦਸੇ ਤੋਂ ਤੁਰੰਤ ਬਾਅਦ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਐਨਡੀਆਰਐਫ ਟੀਮ ਨੂੰ ਸੂਚਿਤ ਕੀਤਾ। ਦੀ ਟੀਮ ਦੇ 18 ਲੋਕਾਂ ਨੇ ਮੌਕੇ ‘ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਫਿਲਹਾਲ 4 ਅਧਿਆਪਕਾਂ ਨੂੰ ਮਲਬੇ ਹੇਠੋਂ ਕੱਢ ਕੇ ਹਸਪਤਾਲ ਭੇਜਿਆ ਗਿਆ ਹੈ। ਮਲਬੇ ਹੇਠ ਅਜੇ ਵੀ ਕਈ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਡੀਸੀ ਸੁਰਭੀ ਮਲਿਕ ਨੇ ਕਿਹਾ- ਜ਼ਖਮੀਆਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਹੈ। ਸਕੂਲ ਨੂੰ ਹਰ ਪਾਸਿਓਂ ਸੀਲ ਕਰ ਦਿੱਤਾ ਗਿਆ ਹੈ। ਇਮਾਰਤ ਦੀ ਐਨਡੀਆਰਐਫ ਟੀਮ ਬਚਾਅ ਕਾਰਜ ਚਲਾ ਰਹੀ ਹੈ।