ਗੁਰਦਾਸਪੁਰ 5 ਅਪ੍ਰੈਲ 2024 – ਦੁਬਈ ਜੇਲ੍ਹ ਵਿੱਚ ਬੰਦ ਪਿੰਡ ਮੁੱਲਾਂਵਾਲ ਦੇ ਨੌਜਵਾਨ ਨੂੰ ਛਡਵਾਉਣ ਲਈ ਪਰਿਵਾਰ ਵੱਲੋਂ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਦੀ ਮਾਤਾ ਜੋਗਿੰਦਰ ਕੌਰ ਅਤੇ ਵਾਸੀ ਮੁਲਾਂਵਾਲ ਵੱਲੋਂ ਦੱਸਿਆ ਗਿਆ ਕਿ ਉਸ ਦਾ ਪੁੱਤਰ ਅਮਰੀਕ ਸਿੰਘ (37) ਵਿਦੇਸ਼ ਜਾਣ ਲਈ ਟ੍ਰੇਵਲ ਏਜੰਟ ਸੁਖਦੇਵ ਸਿੰਘ ਬਸੋਆ ਅਤੇ ਬਲਕਾਰ ਸਿੰਘ ਬੇਗੋਵਾਲ ਨੇ ਸਪੇਨ ਭੇਜਣ ਲਈ 1 ਜਨਵਰੀ ਨੂੰ ਦੁਬਈ ਲਈ ਰਵਾਨਾ ਕੀਤਾ ਸੀ। ਟਰੈਵਲ ਏਜੰਟ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਦੁਬਈ ਜਾ ਕੇ ਅਮਰੀਕ ਸਿੰਘ ਦਾ ਸਪੇਨ ਦੇਸ਼ ਲਈ ਵੀਜ਼ਾ ਫਿਰ ਲਗਵਾ ਕੇ ਦਿੱਤਾ ਜਾਵੇਗਾ।
ਟ੍ਰੈਵਲ ਏਜੰਟਾਂ ਨੇ ਦੁਬਈ ਜਾ ਕੇ ਉਸ ਦੇ ਪਾਸਪੋਰਟ ਉੱਤੇ ਝੂਠਾ ਵੀਜ਼ਾ ਲਗਵਾ ਦਿੱਤਾ। ਇਸ ਦੌਰਾਨ ਦੁਬਈ ਪੁਲਿਸ ਵੱਲੋਂ 12 ਫਰਵਰੀ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੇ ਝੂਠੇ ਵੀਜੇ ਸਬੰਧੀ ਕੇਸ ਦਰਜ ਕਰ ਕੇ ਉਸ ਨੂੰ ਹਮੀਰ ਜੇਲ੍ਹ ਵਿੱਚ ਭੇਜ ਦਿੱਤਾ ਹੈ। ਜਦੋਂ ਕਿ ਉਨ੍ਹਾਂ ਦੇ ਪੁੱਤਰ ਨੂੰ ਪਾਸਪੋਰਟ ਉੱਤੇ ਲੱਗੇ ਝੂਠੇ ਵੀਜੇ ਬਾਰੇ ਕੁੱਝ ਵੀ ਪਤਾ ਨਹੀਂ ਸੀ। ਇਸ ਕਾਰਨ ਉਹ ਇਸ ਮਾਮਲੇ ਵਿੱਚ ਪੂਰੀ ਤਰਾਂ ਨਿਰਦੋਸ਼ ਹੈ ਅਤੇ ਅਸਲ ਦੋਸ਼ ਟ੍ਰੈਵਲ ਏਜੰਟਾਂ ਦਾ ਹੈ। ਇਸ ਕਾਰਨ ਅਮਰੀਕ ਸਿੰਘ ਦੀ ਮਾਤਾ ਜੋਗਿੰਦਰ ਕੌਰ, ਪਤਨੀ ਕੁਲਵਿੰਦਰ ਕੌਰ ਅਤੇ ਪੁੱਤਰ ਗੁਰਸ਼ਰਨਜੀਤ ਸਿੰਘ ਤੇ ਜਸਨਪ੍ਰੀਤ ਸਿੰਘ ਬਹੁਤ ਸਦਮੇ ਵਿੱਚ ਹਨ। ਉਨ੍ਹਾਂ ਵੱਲੋਂ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਦੁਬਈ ਅੰਬੈਸੀ ਨਾਲ ਰਾਬਤਾ ਕਰ ਕੇ ਅਮਰੀਕ ਸਿੰਘ ਨੂੰ ਝੂਠੇ ਕੇਸ਼ ਤੋਂ ਬਚਾ ਕੇ ਵਾਪਸ ਘਰ ਲਿਆਂਦਾ ਜਾਵੇ।