ਚੰਡੀਗੜ੍ਹ, 10 ਦਸੰਬਰ 2023 – ਹੁਣ ਅਚਾਨਕ ਪੰਜਾਬ ਵਿੱਚ ਠੰਡ ਵਧਣ ਲੱਗੀ ਹੈ। ਸ਼ਨੀਵਾਰ ਰਾਤ ਫਰੀਦਕੋਟ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਪੂਰੇ ਸੂਬੇ ਵਿੱਚ ਸਭ ਤੋਂ ਠੰਢੇ ਰਹੇ। ਦੋਵਾਂ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਲੰਧਰ ‘ਚ ਰਾਤ ਨੂੰ ਤਾਪਮਾਨ 7.8 ਡਿਗਰੀ ਰਿਹਾ। ਇਸ ਦੌਰਾਨ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਕੜਾਕੇ ਦੀ ਠੰਢ ਪਈ। ਆਉਣ ਵਾਲੇ ਕੁਝ ਦਿਨਾਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਸੂਬੇ ‘ਚ ਠੰਡ ਹੋਰ ਵਧ ਜਾਵੇਗੀ।
ਫਰੀਦਕੋਟ ਅਤੇ ਫ਼ਿਰੋਜ਼ਪੁਰ ਵਿੱਚ 5.2 ਡਿਗਰੀ, ਮੋਗਾ ਵਿੱਚ 5.5 ਡਿਗਰੀ, ਗੁਰਦਾਸਪੁਰ ਵਿੱਚ 5.7 ਡਿਗਰੀ, ਰੂਪਨਗਰ ਵਿੱਚ 6.0 ਡਿਗਰੀ, ਬਰਨਾਲਾ ਵਿੱਚ 5.8 ਡਿਗਰੀ, ਬਠਿੰਡਾ ਵਿੱਚ 5.9 ਡਿਗਰੀ, ਗੁਰਦਾਸਪੁਰ ਵਿੱਚ 5.7 ਡਿਗਰੀ, ਲੁਧਿਆਣਾ ਵਿੱਚ 8.4 ਡਿਗਰੀ ਅਤੇ ਅੰਮ੍ਰਿਤਸਰ ਵਿੱਚ 8.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤਾਪਮਾਨ 21 ਤੋਂ 22 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ।
ਮੌਸਮ ਵਿਭਾਗ ਅਨੁਸਾਰ ਅਗਲੇ ਤਿੰਨ ਦਿਨਾਂ ਦੌਰਾਨ ਸੂਬੇ ਦੇ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ। ਇੱਕ ਹਫ਼ਤੇ ਤੱਕ ਧੁੰਦ ਪੈਣ ਦੀ ਸੰਭਾਵਨਾ ਹੈ। 13 ਦਸੰਬਰ ਤੱਕ ਮੌਸਮ ਖੁਸ਼ਕ ਰਹੇਗਾ।
ਸੂਬੇ ‘ਚ ਵਧਦੀ ਠੰਡ ਕਾਰਨ ਵਿਜ਼ੀਬਿਲਟੀ ਅਚਾਨਕ ਘੱਟ ਗਈ ਹੈ। ਧੁੰਦ ਕਾਰਨ ਹਾਈਵੇਅ ’ਤੇ ਵਾਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਜ਼ੀਬਿਲਟੀ ਘੱਟ ਹੋਣ ਕਾਰਨ ਵਾਹਨਾਂ ਦੀ ਰਫ਼ਤਾਰ ਧੀਮੀ ਹੋ ਗਈ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਕੜਾਕੇ ਦੀ ਠੰਢ ਦਾ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸੂਬਾ ਪੁਲਿਸ ਨੂੰ ਹਾਈਵੇਅ ‘ਤੇ ਗਸ਼ਤ ਵਧਾਉਣ ਦੇ ਵੀ ਹੁਕਮ ਦਿੱਤੇ ਹਨ।
ਦੱਸ ਦੇਈਏ ਕਿ ਜਿਵੇਂ-ਜਿਵੇਂ ਠੰਡ ਵਧ ਰਹੀ ਹੈ, ਸੂਬੇ ‘ਚ ਖੰਘ-ਜ਼ੁਕਾਮ ਦੀਆਂ ਸ਼ਿਕਾਇਤਾਂ ਵੀ ਵਧ ਗਈਆਂ ਹਨ। ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ ਆਮ ਆਦਮੀ ਕਲੀਨਿਕਾਂ ਵਿੱਚ ਖੰਘ ਅਤੇ ਜ਼ੁਕਾਮ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ। ਡਾਕਟਰਾਂ ਮੁਤਾਬਕ ਅਜਿਹਾ ਮੌਸਮ ‘ਚ ਬਦਲਾਅ ਕਾਰਨ ਹੀ ਹੋ ਰਿਹਾ ਹੈ। ਬਜ਼ੁਰਗ ਲੋਕ ਅਤੇ ਬੱਚੇ ਜ਼ਿਆਦਾਤਰ ਇਸ ਬਿਮਾਰੀ ਤੋਂ ਪੀੜਤ ਹਨ।