ਫਰੀਦਕੋਟ ਰਿਆਸਤ ਜਾਇਦਾਦ ਦਾ ਵਿਵਾਦ ਖ਼ਤਮ: ਅਦਾਲਤ ਵੱਲੋਂ ਇਹ ਹੁਕਮ ਹੋਏ ਜਾਰੀ

ਚੰਡੀਗੜ੍ਹ, 21 ਅਗਸਤ 2025 – ਜ਼ਿਲ੍ਹਾ ਅਦਾਲਤ ਨੇ ਫਰੀਦਕੋਟ ਰਿਆਸਤ ਦੇ ਆਖ਼ਰੀ ਸ਼ਾਸਕ ਹਰਿੰਦਰ ਸਿੰਘ ਬਰਾੜ ਦੀ ਕਰੀਬ 40 ਹਜ਼ਾਰ ਕਰੋੜ ਰੁਪਏ ਦੀ ਸ਼ਾਹੀ ਜਾਇਦਾਦ ਦਾ ਬਟਵਾਰਾ ਕਰ ਦਿੱਤਾ ਹੈ। ਜਾਇਦਾਦ ਨੂੰ ਤਿੰਨ ਬਰਾਬਰ ਹਿੱਸਿਆਂ ‘ਚ ਵੰਡਿਆ ਜਾਵੇਗਾ, ਜਿਸ ਵਿਚ ਰਾਜਾ ਦੀਆਂ ਦੋ ਬੇਟੀਆਂ ਅਤੇ ਉਨ੍ਹਾਂ ਦੇ ਭਰਾ ਦੇ ਪਰਿਵਾਰ ਨੂੰ 33.33 ਫ਼ੀਸਦੀ ਹਿੱਸਾ ਮਿਲੇਗਾ। ਅਦਾਲਤ ਨੇ ਇਹ ਫ਼ੈਸਲਾ ਕੰਵਰ ਮਨਜੀਤ ਇੰਦਰ ਸਿੰਘ ਦੇ ਪੋਤੇ ਕੰਵਰ ਅਮਰਿੰਦਰ ਸਿੰਘ ਬਰਾੜ ਦੀ ਪਟੀਸ਼ਨ ’ਤੇ ਦਿੱਤਾ। ਅਦਾਲਤ ਨੇ ਹੁਕਮ ‘ਚ ਕਿਹਾ ਕਿ ਪਟੀਸ਼ਨ ’ਚ ਡਿਕ੍ਰੀ ਹੋਲਡਰ ਨੇ ਜ਼ਿਕਰ ਕੀਤਾ ਸੀ ਕਿ ਰਾਜਾ ਹਰਿੰਦਰ ਸਿੰਘ ਬਰਾੜ ਦਾ ਹਿੱਸਾ ਚਾਰ ਕਾਨੂੰਨੀ ਵਾਰਸਾਂ ਮਹਾਰਾਣੀ ਮਹਿੰਦਰ ਕੌਰ (ਮਾਤਾ), ਰਾਜਕੁਮਾਰੀ ਅੰਮ੍ਰਿਤ ਕੌਰ, ਮਹਾਰਾਣੀ ਦੀਪਿੰਦਰ ਕੌਰ ਅਤੇ ਰਾਜਕੁਮਾਰੀ ਮਹੀਪ ਇੰਦਰ ਕੌਰ (ਬੇਟੀਆਂ) ਨੂੰ ਮਿਲਿਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 1 ਜੂਨ, 2020 ਨੂੰ ਜਾਇਦਾਦ ਦਾ ਬਟਵਾਰਾ ਕਾਨੂੰਨੀ ਵਾਰਸਾਂ ’ਚ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਸਨ। ਇਸ ਹੁਕਮ ਨੂੰ ਸੁਪਰੀਮ ਕੋਰਟ ਨੇ ਵੀ ਬਰਕਰਾਰ ਰੱਖਿਆ ਸੀ। ਇਸ ਤੋਂ ਬਾਅਦ ਕੰਵਰ ਅਮਰਿੰਦਰ ਸਿੰਘ ਬਰਾੜ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਐਗਜ਼ੀਕਿਊਸ਼ਨ ਪਟੀਸ਼ਨ ਦਾਇਰ ਕਰਕੇ ਬਰਾਬਰ ਵੰਡ ਦੀ ਮੰਗ ਕੀਤੀ ਸੀ।

ਰਾਜੇ ਦੀ ਮਾਂ ਨੇ ਆਪਣਾ ਹਿੱਸਾ ਦੂਜੇ ਬੇਟੇ ਨੂੰ ਦਿੱਤਾ
ਅਦਾਲਤ ਨੇ ਹੁਕਮ ਵਿਚ ਸਪੱਸ਼ਟ ਕੀਤਾ ਕਿ ਰਾਜਾ ਹਰਿੰਦਰ ਸਿੰਘ ਬਰਾੜ ਦੀ ਜਾਇਦਾਦ ਚਾਰ ਕਾਨੂੰਨੀ ਵਾਰਸਾਂ – ਮਹਾਰਾਣੀ ਮਹਿੰਦਰ ਕੌਰ (ਮਾਤਾ), ਰਾਜਕੁਮਾਰੀ ਅੰਮ੍ਰਿਤ ਕੌਰ, ਮਹਾਰਾਣੀ ਦੀਪਿੰਦਰ ਕੌਰ ਅਤੇ ਰਾਜਕੁਮਾਰੀ ਮਹੀਪ ਇੰਦਰ ਕੌਰ ਨੂੰ ਮਿਲੀ ਸੀ। 1991 ’ਚ ਮਹਾਰਾਣੀ ਮਹਿੰਦਰ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮਰਨ ਤੋਂ ਪਹਿਲਾਂ 29 ਮਾਰਚ, 1990 ਨੂੰ ਵਸੀਅਤ ਬਣਾਈ ਸੀ, ਜਿਸ ਵਿਚ ਆਪਣਾ ਹਿੱਸਾ ਦੂਜੇ ਬੇਟੇ ਕੰਵਰ ਮਨਜੀਤ ਇੰਦਰ ਸਿੰਘ (ਰਾਜੇ ਦਾ ਭਰਾ) ਅਤੇ ਉਸਦੇ ਕਾਨੂੰਨੀ ਵਾਰਸਾਂ ਦੇ ਨਾਂ ਕੀਤੇ ਜਾਣ ਦੀ ਗੱਲ ਲਿਖੀ ਸੀ। ਇਸ ਆਧਾਰ ’ਤੇ ਰਾਜਾ ਦੇ ਭਰਾ ਕੰਵਰ ਮਨਜੀਤ ਇੰਦਰ ਸਿੰਘ ਦੇ ਪੋਤੇ ਕੰਵਰ ਅਮਰਿੰਦਰ ਸਿੰਘ ਬਰਾੜ ਨੇ ਕਈ ਸਾਲਾਂ ਤੱਕ ਕਾਨੂੰਨੀ ਜੰਗ ਲੜੀ ਅਤੇ ਆਪਣਾ ਹਿੱਸਾ ਹਾਸਲ ਕੀਤਾ।

ਇੰਝ ਮਿਲੀ 33 ਫ਼ੀਸਦੀ ਹਿੱਸੇਦਾਰੀ
ਪਹਿਲਾਂ ਜਾਇਦਾਦ ਦਾ ਬਟਵਾਰਾ ਚਾਰ ਹਿੱਸਿਆਂ ’ਚ ਹੋਇਆ ਸੀ। ਇਨ੍ਹਾਂ ’ਚ ਰਾਜੇ ਦੀ ਬੇਟੀ ਮਹੀਪ ਇੰਦਰ ਕੌਰ ਵੀ ਸੀ, ਜਿਸਦੀ 2001 ’ਚ ਮੌਤ ਹੋ ਗਈ ਸੀ। ਉਸਦਾ ਕੋਈ ਵਾਰਸ ਨਹੀਂ ਸੀ। ਅਜਿਹੇ ’ਚ ਉਸਦਾ ਹਿੱਸਾ ਬਾਕੀ ਤਿੰਨ ਕਾਨੂੰਨੀ ਵਾਰਸਾਂ ਮਾਂ ਅਤੇ ਦੋ ਬੇਟੀਆਂ ਕੋਲ ਚਲਾ ਗਿਆ। ਮਾਂ ਨੇ ਆਪਣਾ ਹਿੱਸਾ ਪਹਿਲਾਂ ਹੀ ਦੂਜੇ ਬੇਟੇ ਦੇ ਪਰਿਵਾਰ ਦੇ ਨਾਮ ਕਰ ਦਿੱਤਾ ਸੀ। ਹੁਣ ਜਾਇਦਾਦ ਵਿਚ ਤਿੰਨ ਹਿੱਸੇਦਾਰ ਬਚੇ ਸਨ, ਜਿਨ੍ਹਾਂ ’ਚ ਰਾਜੇ ਦੀਆਂ ਦੋ ਬੇਟੀਆਂ ਰਾਜਕੁਮਾਰੀ ਅੰਮ੍ਰਿਤ ਕੌਰ, ਮਹਾਰਾਣੀ ਦੀਪਿੰਦਰ ਕੌਰ ਅਤੇ ਕੰਵਰ ਮਨਜੀਤ ਇੰਦਰ ਸਿੰਘ ਦਾ ਪੋਤਾ ਕੰਵਰ ਅਮਰਿੰਦਰ ਸਿੰਘ ਬਰਾੜ ਸ਼ਾਮਲ ਹਨ। ਅਜਿਹੇ ’ਚ ਅਦਾਲਤ ਨੇ ਜਾਇਦਾਦ ਦੀ ਵੰਡ ਤਿੰਨਾਂ ’ਚ 33.33 ਫ਼ੀਸਦੀ ਦੇ ਹਿਸਾਬ ਨਾਲ ਕਰ ਦਿੱਤੀ।

30 ਸਾਲਾਂ ਤੱਕ ਚੱਲਿਆ ਝਗੜਾ
ਹਰਿੰਦਰ ਸਿੰਘ ਬਰਾੜ ਫਰੀਦਕੋਟ ਰਿਆਸਤ ਦੇ ਆਖ਼ਰੀ ਰਾਜਾ ਸਨ, ਉਨ੍ਹਾਂ ਨੂੰ ਸਿਰਫ਼ ਤਿੰਨ ਸਾਲ ਦੀ ਉਮਰ ਵਿਚ ਰਾਜਾ ਘੋਸ਼ਿਤ ਕਰ ਦਿੱਤਾ ਗਿਆ ਸੀ। ਉਨ੍ਹਾਂ ਦਾ ਇੱਕ ਬੇਟਾ ਅਤੇ ਤਿੰਨ ਬੇਟੀਆਂ ਸਨ। ਉਨ੍ਹਾਂ ਦੇ ਬੇਟੇ ਹਰਮੋਹਿੰਦਰ ਸਿੰਘ ਦੀ 1981 ਵਿਚ ਇੱਕ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਰਾਜਾ ਸਦਮੇ ਵਿਚ ਚਲੇ ਗਏ। ਸਾਲ 1989 ਵਿਚ ਉਨ੍ਹਾਂ ਦੀ ਵੀ ਮੌਤ ਹੋ ਗਈ। ਇਸ ਤੋਂ ਬਾਅਦ ਜਾਇਦਾਦ ਨੂੰ ਲੈ ਕੇ ਬਹੁਤ ਵਿਵਾਦ ਹੋਇਆ। ਜਾਇਦਾਦ ’ਤੇ ਮਹਾਰਾਵਲ ਖੇਵਾਜੀ ਟਰੱਸਟ ਨੇ ਵੀ ਦਾਅਵਾ ਕੀਤਾ ਸੀ, ਪਰ ਅਦਾਲਤ ਨੇ ਰੱਦ ਕਰ ਦਿੱਤਾ ਸੀ।

ਇਹ ਹੈ ਸ਼ਾਹੀ ਜਾਇਦਾਦ
ਫਰੀਦਕੋਟ ’ਚ 14 ਏਕੜ ਵਿਚ ਫੈਲਿਆ ਰਾਜਮਹਿਲ
ਫਰੀਦਕੋਟ ’ਚ ਕਿਲ੍ਹਾ ਮੁਬਾਰਕ
ਨਵੀਂ ਦਿੱਲੀ ’ਚ ਫਰੀਦਕੋਟ ਹਾਊਸ
ਸੈਕਟਰ-17 ਚੰਡੀਗੜ੍ਹ ’ਚ ਪਲਾਟ
ਮਨੀਮਾਜਰਾ ਦਾ ਕਿਲ੍ਹਾ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੁਲਿਸ ਦੇ ਆਪਣੇ ਹੀ ਮੁਲਾਜ਼ਮ ਨੂੰ ਹੋਈ 7 ਸਾਲ ਕੈਦ ਦੀ ਸਜ਼ਾ, ਪੂਰਾ ਮਾਮਲਾ ਪੜ੍ਹੋ