ਕੋਟਕਪੂਰਾ, 28 ਦਸੰਬਰ 2023 – ਕੋਟਕਪੂਰਾ ‘ਚ ਦੁਕਾਨਦਾਰ ਤੇ ਵਪਾਰੀ ‘ਤੇ ਹੋਈ ਲੁੱਟ ਅਤੇ ਜਾਨਲੇਵਾ ਹਮਲੇ ਦੇ ਖਿਲਾਫ ਬੁੱਧਵਾਰ ਨੂੰ ਫਰੀਦਕੋਟ ‘ਚ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਤੋਂ ਬਾਅਦ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਓਮਕਾਰ ਗੋਇਲ ਦੇ ਸੱਦੇ ’ਤੇ ਅੱਜ ਪੂਰਾ ਕੋਟਕਪੂਰਾ ਸ਼ਹਿਰ ਬੰਦ ਰਿਹਾ।
ਸ਼ਹਿਰ ਦੀ ਸਬਜ਼ੀ ਮੰਡੀ ਸਵੇਰ ਤੋਂ ਨਹੀਂ ਖੁੱਲ੍ਹੀ। ਜਿਸ ਕਾਰਨ ਅੱਜ ਸ਼ਹਿਰ ਦੇ ਲੋਕਾਂ ਨੂੰ ਨਾ ਤਾਂ ਤਾਜ਼ੀ ਸਬਜ਼ੀਆਂ ਮਿਲਣਗੀਆਂ ਅਤੇ ਨਾ ਹੀ ਤਾਜ਼ੇ ਫਲ ਖਾਣ ਲਈ। ਇਸ ਦਾ ਕਾਰਨ ਸ਼ਹਿਰ ਵਿੱਚ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ, ਨਸ਼ਾ ਤਸਕਰੀ, ਗੈਂਗਸਟਾਰਾਂ ਦੇ ਖੌਫ ਅਤੇ ਨਸ਼ਿਆਂ ਦੇ ਕੋਹੜ ਖ਼ਿਲਾਫ਼ ਲੋਕਾਂ ਵਿੱਚ ਏਨਾ ਗੁੱਸਾ ਸੀ ਕਿ ਚੈਂਬਰ ਆਫ਼ ਕਾਮਰਸ ਦੀ ਅਪੀਲ ’ਤੇ ਸਾਰੇ ਬਾਜ਼ਾਰ ਬੰਦ ਹਨ। ਇਸ ਬੰਦ ਨੂੰ ਸ਼ਹਿਰ ਦੀਆਂ ਵੱਖ- ਵੱਖ ਵਪਾਰਿਕ, ਧਾਰਮਿਕ, ਸਮਾਜਿਕ, ਕਿਸਾਨ ਅਤੇ ਗੈਰ-ਸਿਆਸੀ ਜਥੇਬੰਦੀਆਂ ਦੇ ਨਾਲ-ਨਾਲ ਸਿਆਸੀ ਜਥੇਬੰਦੀਆਂ ਨੇ ਵੀ ਆਪਣਾ ਸਹਿਯੋਗ ਦਿੱਤਾ।
ਜਿਸ ਕਾਰਨ ਪੁਲਿਸ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਦੋਸ਼ ਹੈ ਕਿ ਪੁਲੀਸ ਪੀੜਤਾਂ ਨੂੰ ਇਨਸਾਫ਼ ਦਿਵਾਉਣ ਵਿੱਚ ਨਾਕਾਮ ਰਹੀ ਹੈ। ਨਸ਼ਾਖੋਰੀ ਅਤੇ ਜੁਰਮ ਦਾ ਬੋਲਬਾਲਾ ਹੋ ਗਿਆ ਹੈ। ਇਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਸ਼ਹਿਰ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ’ਤੇ ਦਬਾਅ ਬਣਾਉਣ ਲਈ ਸ਼ਹਿਰ ਨੂੰ ਮੁਕੰਮਲ ਤੌਰ ’ਤੇ ਬੰਦ ਕਰਨ ਦਾ ਸੱਦਾ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅੱਜ ਬੱਤੀ ਵਾਲੇ ਚੌਕ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਕੀ ਫੈਸਲਾ ਲਿਆ ਜਾਂਦਾ ਹੈ।