ਬੱਸ ਹਾਦਸੇ ’ਚ ਜ਼ਖਮੀ ਕਿਸਾਨ ਆਗੂ ਬਸੰਤ ਸਿੰਘ ਨੇ ਤੋੜਿਆ ਦਮ

ਬਠਿੰਡਾ, 14 ਜਨਵਰੀ 2025: ਦਸ ਦਿਨ ਪਹਿਲਾਂ ਬਰਨਾਲਾ ਜਿਲ੍ਹੇ ਦੇ ਕਸਬਾ ਹੰਢਿਆਇਆ ਕੋਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਟੋਹਾਣਾ ਜਾ ਰਹੀ ਕਿਸਾਨਾਂ ਨਾਲ ਭਰੀ ਬੱਸ ਨਾਲ ਵਾਪਰੇ ਹਾਦਸੇ ਦੌਰਾਨ ਜ਼ਖ਼ਮੀ ਹੋਏ ਕਿਸਾਨ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਲੰਘੀ ਰਾਤ ਕਰੀਬ ਡੇਢ ਵਜੇ ਸਥਾਨਕ ਏਮਜ਼ ਹਸਪਤਾਲ ਵਿੱਚ ਦਮ ਤੋੜ ਦਿੱਤਾ ਹੈ ਜਿਸ ਕਾਰਨ ਇਸ ਹਾਦਸੇ ’ਚ ਮਾਰੇ ਜਾਣ ਵਾਲਿਆਂ ਦੀ ਗਿਣਤੀ ਵਧ ਕੇ ਚਾਰ ਹੋ ਗਈ ਹੈ। ਬਸੰਤ ਸਿੰਘ ਕੋਠਾ ਗੁਰੂ ਜਿਲ੍ਹਾ ਬਠਿੰਡਾ ਦਾ ਸਰਗਰਮ ਆਗੂ ਸੀ ਜੋ ਜੱਥੇਬੰਦੀ ਦੇ ਹਰ ਸੰਘਰਸ਼ ’ਚ ਮੋਹਰੀ ਰਹਿੰਦਾ ਸੀ। ਕਿਸਾਨ ਆਗੂ ਦੀ ਮੌਤ ਤੋਂ ਬਾਅਦ ਪਿੰਡ ਕੋਠਾ ਗੁਰੂ ਸਮੇਤ ਕਿਸਾਨ ਸਫਾਂ ’ਚ ਸੋਗ ਦੀ ਲਹਿਰ ਦੌੜ ਗਈ ਹੈ।

ਦੱਸਣਯੋਗ ਹੈ ਕਿ 4 ਜਨਵਰੀ ਨੂੰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਵਰਕਰਾਂ ਦੀ ਪਿੰਡ ਕੋਠਾ ਗੁਰੂ(ਬਠਿੰਡਾ) ਤੋਂ ਟੋਹਾਣਾ (ਹਰਿਆਣਾ) ਵਿਖੇ ‘ਕਿਸਾਨ ਮਹਾ ਪੰਚਾਇਤ’ ਵਿੱਚ ਸ਼ਾਮਲ ਹੋਣ ਜਾ ਰਹੀ ਸੀ। ਸੰਘਣੀ ਧੁੰਦ ਕਾਰਨ ਇਹ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਜਿਸ ਦੇ ਚੱਲਦਿਆਂ ਕੋਠਾ ਗੁਰੂ ਦੀਆਂ ਤਿੰਨ ਕਿਸਾਨ ਔਰਤਾਂ ਔਰਤਾਂ ਸਰਬਜੀਤ ਕੌਰ, ਜਸਵੀਰ ਕੌਰ ਅਤੇ ਬਲਵੀਰ ਕੌਰ ਦੀ ਮੌਤ ਹੋ ਗਈ ਸੀ। ਕਿਸਾਨ ਆਗੂ ਬਸੰਤ ਸਿੰਘ ਕੋਠਾ ਗੁਰੂ ਵੀ ਇਸੇ ਬੱਸ ’ਚ ਸਵਾਰ ਸਨ ਜਿੰਨ੍ਹਾਂ ਦੀ ਰੀੜ੍ਹ ਦੀ ਹੱਡੀ ਦੇ ਮਣਕੇ ਟੁੱਟ ਗਏ ਸਨ ਜਿਸ ਤੋਂ ਬਾਅਦ ਉਹ ਏਮਜ਼ ਹਸਪਤਾਲ ਬਠਿੰਡਾ ’ਚ ਇਲਾਜ ਅਧੀਨ ਸੀ। ਕਿਸਾਨ ਆਗੂ ਬਸੰਤ ਸਿੰਘ ਆਪਣੇ ਪਿੱਛੇ ਦੋ ਲੜਕੇ ਅਤੇ ਦੋ ਲੜਕੀਆਂ ਛੱਡ ਗਿਆ ਹੈ।

ਇੰਨ੍ਹਾਂ ਚੋਂ ਇੱਕ ਲੜਕਾ ਤੇ ਇੱਕ ਲੜਕੀ ਬਾਹਰਲੇ ਮੁਲਕ ਗਏ ਹੋਏ ਹਨ। ਕਿਸਾਨ ਆਗੂ ਸੁਖਜੀਤ ਸਿੰਘ ਕੋਠਾ ਗੁਰੂ ਦਾ ਕਹਿਣਾ ਸੀ ਕਿ ਬਸੰਤ ਸਿੰਘ ਕੋਠਾ ਗੁਰੂ ਯੂਨੀਅਨ ਵਿੱਚ ਲੰਮੇ ਸਮੇਂ ਤੋਂ ਆਗੂ ਵਜੋਂ ਮੋਹਰੀ ਸਫ਼ਾਂ ਵਿੱਚ ਕੰਮ ਕਰ ਰਹੇ ਸਨ। ਹੁਣ ਵੀ ਉਹ ਜ਼ਿਲ੍ਹੇ ਦੇ ਮੀਤ ਪ੍ਰਧਾਨ ਸਨ। ਉਨ੍ਹਾਂ ਦੱਸਿਆ ਕਿ ਬਸੰਤ ਸਿੰਘ ਦੀ ਪਤਨੀ ਅਮਰਜੀਤ ਕੌਰ ਦੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਕਾਰਨ ਕਰੀਬ ਦਸ ਸਾਲ ਪਹਿਲਾਂ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਪ੍ਰੀਵਾਰ ਕੋਲ ਢਾਈ ਤਿੰਨ ਏਕੜ ਜਮੀਨ ਸੀ ਜਿਸ ਚੋਂ ਵੱਡਾ ਹਿੱਸਾ ਕੈਂਸਰ ਦੀ ਬਿਮਾਰੀ ਦੇ ਇਲਾਜ ਅਤੇ ਖੇਤੀ ਸੰਕਟ ਕਾਰਨ ਸਿਰ ਚੜ੍ਹੇ ਕਰਜੇ ’ਚ ਵਿਕ ਗਈ।

ਹੁਣ ਪ੍ਰੀਵਾਰ ਕੋਲ ਨਾਮਾਤਰ ਜਮੀਨ ਹੈ ਜਿਸ ਤੇ ਬਸੰਤ ਸਿੰਘ ਦਾ ਲੜਕਾ ਖੇਤੀ ਕਰਨ ਦੇ ਨਾਲ ਨਾਲ ਪ੍ਰੀਵਾਰ ਪਾਲਣ ਲਈ ਹੱਥੀਂ ਮਿਹਨਤ ਕਰਦਾ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਬਸੰਤ ਸਿੰਘ ਦੇ ਚਲੇ ਜਾਣ ਨਾਲ ਯੂਨੀਅਨ ਨੂੰ ਕਦੇ ਵੀ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਬਸੰਤ ਸਿੰਘ ਵੱਲੋਂ ਛੱਡੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਲਈ ਜੱਥੇਬੰਦੀ ਤਨਦੇਹੀ ਨਾਲ ਕੰਮ ਕਰੇਗੀ।ਜਿਕਰ ਕਰਨਾ ਬਣਦਾ ਹੈ ਕਿ ਹਾਦਸੇ ਦੇ ਜ਼ਖ਼ਮੀਆਂ ’ਚੋਂ ਕਿਸਾਨ ਕਰਮ ਸਿੰਘ ਦੀ ਹਾਲਤ ਵੀ ਗੰਭੀਰ ਹੋਣ ਕਰਕੇ ਉਸ ਦਾ ਇਲਾਜ ਏਮਜ਼ ਬਠਿੰਡਾ ਵਿੱਚ ਚੱਲ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੀ ਚੀਨ ਹੁਣ ਐਲੋਨ ਮਸਕ ਨੂੰ ਵੇਚਣ ਜਾ ਰਿਹਾ ਹੈ TikTok, ਪੜ੍ਹੋ ਪੂਰੀ ਖ਼ਬਰ

ਪੰਜਾਬ ਭਾਜਪਾ ਪ੍ਰਧਾਨ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਕੀਤੀ ਮੁਲਾਕਾਤ: ਕਿਸਾਨਾਂ ਦੀਆਂ ਮੰਗਾਂ ‘ਤੇ ਕੀਤੀ ਚਰਚਾ