ਅੰਮ੍ਰਿਤਸਰ, 25 ਮਾਰਚ 2024 – ਭਾਜਪਾ ਨੇ ਆਪਣੀ ਨਵੀਂ ਸੂਚੀ ਜਾਰੀ ਕੀਤੀ ਹੈ, ਜਿਸ ‘ਚ ਕੰਗਣਾ ਰਣੌਤ ਨੂੰ ਟਿਕਟ ਦਿੱਤੀ ਗਈ ਹੈ। ਜਿਸ ‘ਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਹਾਰ ਦੇ ਡਰੋਂ ਫਿਲਮੀ ਸਿਤਾਰਿਆਂ ਨੂੰ ਮੈਦਾਨ ਵਿੱਚ ਉਤਾਰ ਰਹੀ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਅੱਜ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਇਸ ਵਾਰ ਭਾਜਪਾ 400 ਪਾਰ ਦਾ ਨਾਅਰਾ ਦੇ ਰਹੀ ਹੈ, ਜਦਕਿ ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਇਸ ਵਾਰ ਸੱਤਾ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਨੂੰ ਭਰੋਸਾ ਹੈ ਕਿ ਉਹ ਜਿੱਤ ਜਾਵੇਗੀ ਤਾਂ ਸਿਤਾਰਿਆਂ ਨੂੰ ਮੈਦਾਨ ਵਿੱਚ ਉਤਾਰਨ ਦੀ ਕੀ ਲੋੜ ਹੈ। ਭਾਜਪਾ ਹੁਣ ਫਿਲਮੀ ਸਿਤਾਰਿਆਂ ਦੇ ਦਮ ‘ਤੇ 400 ਦਾ ਅੰਕੜਾ ਪਾਰ ਕਰਨਾ ਚਾਹੁੰਦੀ ਹੈ ਜਦਕਿ ਉਹ ਸਿੱਧੇ ਤੌਰ ‘ਤੇ ਸੱਤਾ ਤੋਂ ਬਾਹਰ ਹੋ ਜਾਵੇਗੀ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅਦਾਕਾਰਾ ਕੰਗਨਾ ਰਣੌਤ ਨੂੰ ਹਿਮਾਚਲ ਸਥਿਤ ਮੰਡੀ ਵਿੱਚ ਸੀਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਹਿਮਾਚਲ ਦੇ ਲੋਕਾਂ ਨੂੰ ਇਹੀ ਕਹਿਣਾ ਹੈ ਕਿ ਸੰਨੀ ਦਿਓਲ ਜੋ ਕਿ ਪੰਜਾਬ ਦੇ ਗੁਰਦਾਸਪੁਰ ਤੋਂ ਉਮੀਦਵਾਰ ਸਨ, ਉਨ੍ਹਾਂ ਨੂੰ ਕਦੇ ਨਹੀਂ ਮਿਲੇ। ਸੰਨੀ ਦਿਓਲ ਨੇ ਜਿੱਤਣ ਤੋਂ ਬਾਅਦ ਕਦੇ ਗੁਰਦਾਸਪੁਰ ਦਾ ਧਿਆਨ ਨਹੀਂ ਰੱਖਿਆ, ਅਜਿਹੇ ‘ਚ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਕੀ ਕਰਨਾ ਹੈ।
ਉਥੇ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਵੀ ਵਿਰੋਧੀ ਧਿਰ ਨੂੰ ਅਪੀਲ ਕੀਤੀ ਹੈ ਕਿ ਜਦੋਂ ਵੀ ਕਿਸਾਨਾਂ ਦਾ ਕੋਈ ਸਮਾਗਮ ਹੋਵੇ ਤਾਂ ਉਹ ਉਸ ਦੇ ਬਰਾਬਰ ਕੋਈ ਸਮਾਗਮ ਨਾ ਕਰਨ।
ਕਿਸਾਨ ਆਗੂ ਨੇ ਕਿਹਾ ਕਿ ਚੱਲ ਰਿਹਾ ਕਿਸਾਨ ਅੰਦੋਲਨ ਅੱਜ ਆਪਣੇ 41ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਉਨ੍ਹਾਂ ਹਰਿਆਣਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ 31 ਮਾਰਚ ਨੂੰ ਅੰਬਾਲਾ ਦੀ ਮੋੜ ਮੰਡੀ ਵਿਖੇ ਸ਼ਹੀਦ ਸ਼ੁਭਕਰਨ ਸਿੰਘ ਦੀ ਯਾਦ ਵਿੱਚ ਇੱਕ ਵੱਡਾ ਸ਼ਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ, ਉਹ ਉੱਥੇ ਜ਼ਰੂਰ ਪਹੁੰਚ ਕੇ ਕਿਸਾਨਾਂ ਦਾ ਸਾਥ ਦੇਣ।