- ਮੰਤਰੀ ਡਾ ਬਲਜੀਤ ਕੌਰ ਨੇ ਅੱਗ ਤੋਂ ਪ੍ਰਭਾਵਿਤ 20 ਕਿਸਾਨ ਪਰਿਵਾਰਾਂ ਨੂੰ ਵੰਡੇ ਕੁੱਲ 5 ਲੱਖ ਰੁਪਏ ਮੁਆਵਜ਼ੇ ਦੇ ਚੈੱਕ, ਹਰ ਇੱਕ ਪਰਿਵਾਰ ਨੂੰ ਦਿੱਤੀ 12 ਮਨ ਕਣਕ, ਪਸ਼ੂਆਂ ਲਈ ਤੂੜੀ
- ਮੰਤਰੀ ਡਾ ਬਲਜੀਤ ਕੌਰ ਨੇ ਆਪਣੀ ਇੱਕ ਮਹੀਨੇ ਦੀ ਤਨਖਾਹ, ਪਿੰਡ ਵਾਸੀਆਂ, ਐੱਨ ਆਰ ਆਈ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਦਿੱਤੀ ਮਦਦ
- ਪੰਜਾਬ ਸਰਕਾਰ ਵੱਲੋਂ 18,500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤਾ ਜਾਵੇਗਾ ਖ਼ਰਾਬੇ ਦਾ ਮੁਆਵਜ਼ਾ
ਸੋਥਾ (ਮਲੋਟ), 24 ਅਪ੍ਰੈਲ 2025 – ਪਿਛਲੀ ਦਿਨੀਂ ਪਿੰਡ ਸੋਥਾ ਅਤੇ ਦੂਹੇਵਾਲਾ ‘ਚ ਲੱਗੀ ਅੱਗ ਕਾਰਨ ਹੋਏ ਨੁਕਸਾਨ ਤੋਂ ਪੀੜਤ ਕਿਸਾਨ ਪਰਿਵਾਰਾਂ ਦੀ ਮਦਦ ਕਰਦਿਆਂ, ਕੈਬਿਨੇਟ ਮੰਤਰੀ ਪੰਜਾਬ, ਡਾ ਬਲਜੀਤ ਕੌਰ ਨੇ 20 ਕਿਸਾਨ ਪਰਿਵਾਰਾਂ ਨੂੰ ਕੁੱਲ 5 ਲੱਖ ਰੁਪਏ ਦਾ ਮੁਆਵਜ਼ਾ ਆਪਣੀ ਇੱਕ ਮਹੀਨੇ ਦੀ ਤਨਖਾਹ, ਪਿੰਡ ਵਾਸੀਆਂ ਅਤੇ ਐੱਨ ਆਰ ਆਈ ਭਰਾਵਾਂ ਦੀ ਮਦਦ ਨਾਲ ਦਿੱਤੇ। ਉਨ੍ਹਾਂ ਹਰ ਇੱਕ ਪਰਿਵਾਰ ਨੂੰ 12 ਮਨ ਕਣਕ ਅਤੇ ਪਸ਼ੂਆਂ ਲਈ ਤੂੜੀ ਵੀ ਦਿੱਤੀ।
ਪਿੰਡ ਦੇ ਗੁਰੂਦਵਾਰਾ ਸਾਹਿਬ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਡਾ ਬਲਜੀਤ ਕੌਰ ਨੇ ਦੱਸਿਆ ਕਿ ਪਿੱਛਲੇ ਦਿਨਾਂ ਵਿੱਚ ਹੀ ਅੱਗ ਲੱਗਣ ਕਾਰਣ ਪਿੰਡ ਸੋਥਾ ਅਤੇ ਦੂਹੇਵਾਲਾ ਦੇ ਕਈ ਕਿਸਾਨਾਂ ਦਾ ਨੁਕਸਾਨ ਹੋਇਆ ਅਤੇ ਉਨ੍ਹਾਂ ਦੀ ਫ਼ਸਲ ਸੜ ਕੇ ਸਵਾਹ ਹੋ ਗਈ। ਕੈਬਨਿਟ ਮੰਤਰੀ ਨੇ ਪਿੰਡਾਂ ਦਾ ਦੌਰਾ ਕੀਤਾ ਜਿਸ ਦੌਰਾਨ ਉਨ੍ਹਾਂ ਵੇਖਿਆ ਕਿ ਪੀੜਤ ਕਿਸਾਨਾਂ ਦੇ ਘਰਾਂ ਦੀ ਹਾਲਤ ਬਹੁਤ ਨਾਜ਼ੁਕ ਅਤੇ ਤਰਸਯੋਗ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਕਿਸਾਨ ਪੰਜਾਬ ਦੀ ਰੀੜ ਹਨ ਅਤੇ ਅਸੀਂ ਕਿਸੇ ਵੀ ਹਾਲਤ ਵਿੱਚ ਆਪਣੇ ਅਨਦਾਤਾਵਾਂ ਨੂੰ ਇੱਕਲਾ ਨਹੀਂ ਛੱਡਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਹਰ ਇੱਕ ਵਿਭਾਗ ਅਜਿਹੀ ਕਿਸੇ ਵੀ ਅਣਹੋਣੀ ਘਟਨਾ ਵਿੱਚ ਪੀੜਤ ਪਰਿਵਾਰਾਂ ਦੀ ਤੁਰੰਤ ਮਦਦ ਲਈ ਵਚਨਬੱਧ ਹੈ।

ਉਨ੍ਹਾਂ ਆਪਣੀ ਸਮਰਪਿਤ, ਸੁਹਿਰਦ ਅਤੇ ਸੰਵੇਦਨਸ਼ੀਲ ਸੋਚ ਦਾ ਪ੍ਰਗਟਾਵਾ ਕਰਦਿਆਂ ਅੱਗ ਕਾਰਨ ਆਪਣੀ ਕਣਕ ਦੀ ਫ਼ਸਲ ਗੁਆ ਬੈਠੇ ਕਿਸਾਨ ਪਰਿਵਾਰਾਂ ਦੀ ਨਿੱਜੀ ਤੌਰ ‘ਤੇ ਆਰਥਿਕ ਮਦਦ ਕਰਨ ਦਾ ਐਲਾਨ ਕੀਤਾ। ਇਸ ਐਲਾਨ ਨੂੰ ਅਮਲੀ ਜਾਮਾ ਪਹਿਨਾਂਉਂਦਿਆਂ, ਉਨ੍ਹਾਂ ਆਪਣੀ ਇੱਕ ਮਹੀਨੇ ਦੀ ਤਨਖਾਹ ਮਦਦ ਵੱਜੋਂ ਦਿੱਤੀ । ਇਸ ਮੌਕੇ ਬੋਲਦਿਆਂ ਡਾ ਬਲਜੀਤ ਕੌਰ ਨੇ ਦੱਸਿਆ ਕਿ ਪਿੰਡਾਂ ਦੇ ਹੋਰ ਲੋਕਾਂ ਅਤੇ ਐੱਨ ਆਰ ਆਈ ਭਰਾਵਾਂ ਨੇ ਵੀ ਇਸ ਨੇਕ ਕੰਮ ਵਿਚ ਆਪਣਾ ਹਿੱਸਾ ਪਾਇਆ।
ਉਨ੍ਹਾਂ ਕਿਹਾ ਕਿ ਅੱਜ ਪ੍ਰਤੀ ਪਰਿਵਾਰ 30000 ਰੁਪਏ ਦੇ ਮੁਆਵਜ਼ਾ ਦੇ ਚੈੱਕ ਵੰਡੇ ਗਏ। ਕਈ ਪਰਿਵਾਰਾਂ ਨੇ ਆਪਣੀ ਸ਼ਰਧਾ ਅਨੁਸਾਰ ਕਣਕ ਲੈਣ ਤੋਂ ਮਨਾ ਕਰ ਦਿੱਤਾ ਅਤੇ ਇਹ ਕਣਕ ਪਿੰਡ ਦੀ ਕਮੇਟੀ ਨੂੰ ਦੇ ਦਿੱਤੀ ਗਈ ਹੈ ਤਾਂ ਜੋ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੁਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਨੂੰ 18,500 ਰੁਪਏ ਪ੍ਰਤੀ ਏਕੜ ਮੁਆਵਜ਼ਾ ਵੀ ਗਿਰਦਾਵਰੀ ਤੋਂ ਬਾਅਦ ਦਿੱਤਾ ਜਾਵੇਗਾ।
ਇਸ ਮੌਕੇ ਸ਼੍ਰੀ ਜਸ਼ਨ ਬਰਾੜ ਚੇਅਰਮੈਨ ਮਾਰਕੀਟ ਕਮੇਟੀ ਮਲੋਟ, ਮੰਤਰੀ ਜੀ ਦੇ ਸਕੱਤਰ ਸ਼੍ਰੀ ਅਰਸ਼ਦੀਪ ਸਿੰਘ, ਸ਼੍ਰੀ ਗੁਰਭਗਤ ਸਿੰਘ ਬਲਾਕ ਪ੍ਰਧਾਨ, ਸ਼੍ਰੀ ਸਤਨਾਮ ਸਿੰਘ ਬਲਾਕ ਪ੍ਰਧਾਨ, ਸ਼੍ਰੀ ਲਾਭ ਸਿੰਘ, ਸ਼੍ਰੀ ਗਗਨਦੀਪ ਸਿੰਘ ਔਲਖ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
