ਚੰਡੀਗੜ੍ਹ, 6 ਮਾਰਚ 2024 – ਅੱਜ 6 ਮਾਰਚ ਨੂੰ ਕਿਸਾਨ ਅੰਦੋਲਨ-2 ਦਾ 23ਵਾਂ ਦਿਨ ਹੈ। ਪੰਜਾਬ-ਹਰਿਆਣਾ ਦੇ ਹਜ਼ਾਰਾਂ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਡਟੇ ਹੋਏ ਹਨ। ਇਸੇ ਦੌਰਾਨ ਅੱਜ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ ‘ਤੇ ਦੇਸ਼ ਭਰ ਦੇ ਕਿਸਾਨ ਪੈਦਲ, ਬੱਸਾਂ ਅਤੇ ਰੇਲ ਗੱਡੀਆਂ ਰਾਹੀਂ ਦਿੱਲੀ ਵੱਲ ਮਾਰਚ ਕਰਨਗੇ।
ਹਾਲਾਂਕਿ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਪਹਿਲਾਂ ਹੀ ਧਰਨਾ ਦੇ ਰਹੇ ਕਿਸਾਨ ਇੱਥੇ ਬੈਠ ਕੇ ਆਪਣਾ ਧਰਨਾ ਸ਼ੁਭਕਰਨ ਦੀ ਪੁਲਿਸ ਦੀ ਗੋਲੀ ਨਾਲ ਹੋਈ ਮੌਤ ਦੇ ਰੋਸ ਵੱਜੋਂ ਜਾਰੀ ਰੱਖਣਗੇ।
ਦੂਜੇ ਪਾਸੇ ਕਿਸਾਨਾਂ ਵੱਲੋਂ ਹਰਿਆਣਾ ਦੇ ਬਾਰਡਰਾਂ ‘ਤੇ ਹੀ ਧਰਨਾ ਦੇਣ ਦੇ ਐਲਾਨ ਤੋਂ ਬਾਅਦ ਹਿਸਾਰ-ਅੰਬਾਲਾ-ਚੰਡੀਗੜ੍ਹ ਹਾਈਵੇਅ (152) ਨੂੰ ਵੀ ਮੰਗਲਵਾਰ ਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਅੰਬਾਲਾ ਦੇ ਸੱਦੋਪੁਰ ਨੇੜੇ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ-ਦਿੱਲੀ ਹਾਈਵੇਅ (ਨੈਸ਼ਨਲ ਹਾਈਵੇ-44) ਨੂੰ ਖੋਲ੍ਹ ਦਿੱਤਾ ਗਿਆ ਸੀ।
ਹਾਈਵੇਅ ਦੇ ਦੋਵੇਂ ਪਾਸੇ ਇੱਕ-ਇੱਕ ਲੇਨ ਖੋਲ੍ਹ ਦਿੱਤੀ ਗਈ ਹੈ। ਪ੍ਰਸ਼ਾਸਨ ਦੇ ਇਸ ਫੈਸਲੇ ਤੋਂ ਬਾਅਦ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਅੰਬਾਲਾ ਤੋਂ ਚੰਡੀਗੜ੍ਹ, ਚੰਡੀਗੜ੍ਹ ਤੋਂ ਹਿਸਾਰ ਜਾਂ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਡਰਾਈਵਰਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਇਸ ਤੋਂ ਪਹਿਲਾਂ 3 ਮਾਰਚ ਨੂੰ ਬਠਿੰਡਾ ਵਿੱਚ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਸੀ ਕਿ 10 ਮਾਰਚ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ਵਿੱਚ ਰੇਲਾਂ ਰੋਕੀਆਂ ਜਾਣਗੀਆਂ।
ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੀ ਮਹਾਪੰਚਾਇਤ ਦੀ ਰੂਪਰੇਖਾ ਦੇ ਦਿੱਤੀ ਹੈ। ਇਸ ਦਾ ਨਾਂ ਕਿਸਾਨ-ਮਜ਼ਦੂਰ ਮਹਾਪੰਚਾਇਤ ਰੱਖਿਆ ਗਿਆ ਹੈ। ਇਸ ਵਿੱਚ ਦੇਸ਼ ਭਰ ਤੋਂ ਕਿਸਾਨ ਟਰੈਕਟਰ-ਟਰਾਲੀਆਂ ਛੱਡ ਕੇ ਬੱਸਾਂ, ਰੇਲਾਂ ਅਤੇ ਹੋਰ ਵਾਹਨਾਂ ਰਾਹੀਂ ਜਾਣਗੇ। ਮਹਾਪੰਚਾਇਤ ਤੋਂ ਬਾਅਦ ਸਿੱਧੇ ਘਰ ਪਰਤਣਗੇ। 8 ਮਾਰਚ ਨੂੰ ਮਹਿਲਾ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਵੇਗਾ।