ਚੰਡੀਗੜ੍ਹ,18 ਫਰਵਰੀ 2022 – ਪੰਜਾਬ ਵਿੱਚ ਇਸ ਵਾਰ ਚੋਣਾਂ ਵਿੱਚੋਂ ਖੇਤੀ ਦਾ ਮੁੱਦਾ ਗਾਇਬ ਹੈ। 4 ਮਹੀਨੇ ਪਹਿਲਾਂ ਤੱਕ ਦਿੱਲੀ ਬਾਰਡਰ ‘ਤੇ ਚੱਲ ਰਹੇ ਅੰਦੋਲਨ ਕਾਰਨ ਅਜਿਹਾ ਲੱਗ ਰਿਹਾ ਸੀ ਕਿ ਇਸ ਵਾਰ ਚੋਣ ਇਸੇ ਮੁੱਦੇ ਦੇ ਦੁਆਲੇ ਹੀ ਲੜੀ ਜਾਵੇਗੀ। ਉਸ ਸਮੇਂ ਜਿਹੜੀਆਂ ਸਿਆਸੀ ਪਾਰਟੀਆਂ ਆਪਣੇ ਆਪ ਨੂੰ ਕਿਸਾਨਾਂ ਦੀਆਂ ਹਮਦਰਦ ਅਖਵਾਉਂਦੀਆਂ ਨਹੀਂ ਥੱਕ ਰਹੀਆਂ ਸਨ, ਅੱਜ ਉਨ੍ਹਾਂ ਦੇ ਏਜੰਡੇ ਵਿੱਚ ਕਿਸਾਨਾਂ ਦਾ ਨਾਂ ਵੀ ਨਹੀਂ ਹੈ।
ਦੂਜੇ ਪਾਸੇ ਕਰਜ਼ੇ ਹੇਠ ਦੱਬੇ ਪੰਜਾਬ ਦੇ ਕਿਸਾਨ ਅੱਜ ਵੀ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ। ਕਿਤੇ ਘਰ ਦੇ ਦੋ ਪੁੱਤ, ਕਿਤੇ ਪਿਓ-ਪੁੱਤ ਤੇ ਕਿਤੇ ਅਣਵਿਆਹੀ ਧੀ ਨੇ ਖੁਦਕੁਸ਼ੀ ਕਰ ਲਈ ਹੈ। ਦੋ ਦਿਨ ਬਾਹਰ ਲੋਕ ਰੋਂਦੇ ਰਹੇ ਅਤੇ 16 ਦਿਨ ਪਰਿਵਾਰ ਸੋਗ ਕਰਦਾ ਰਿਹਾ। ਕਿਸਾਨ ਪਰਿਵਾਰਾਂ ਵਿੱਚ ਜੇਕਰ ਕੋਈ ਖ਼ੁਦਕੁਸ਼ੀ ਕਰਦਾ ਹੈ ਤਾਂ ਸਮਝਿਆ ਜਾਂਦਾ ਹੈ ਕਿ ਉਹ ਜਾਲ ਵਿੱਚੋਂ ਬਚ ਗਿਆ ਹੈ।
ਮੌਜੂਦਾ ਹਾਲਾਤਾਂ ਵਿੱਚ ਅਸਲੀਅਤ ਇਹ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰਨ ਵਾਲੇ ਕਿਸਾਨਾਂ ਦੀ ਕੌਮੀ ਤੋਂ ਲੈ ਕੇ ਕੌਮਾਂਤਰੀ ਪੱਧਰ ਤੱਕ ਚਰਚਾ ਕੀਤੀ ਪਰ ਖੇਤੀ ਕਾਨੂੰਨਾਂ ਨੂੰ ਰੱਦ ਕਰਦਿਆਂ ਕਿਸਾਨਾਂ ਨੂੰ ਵਿਸਾਰ ਦਿੱਤਾ ਗਿਆ। ਇਸ ਵਾਰ ਚੋਣਾਂ ‘ਚ ‘ਕਿਸਾਨ’ ਕੋਈ ਮੁੱਦਾ ਨਹੀਂ ਹੈ।
ਪੰਜਾਬ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ। ਪੰਜਾਬ ਵਿੱਚ ਕਣਕ ਦਾ ਪ੍ਰਤੀ ਹੈਕਟੇਅਰ ਝਾੜ 4500 ਕਿਲੋਗ੍ਰਾਮ ਦੇ ਕਰੀਬ ਹੈ, ਜੋ ਅਮਰੀਕਾ ਵਿੱਚ ਪ੍ਰਤੀ ਹੈਕਟੇਅਰ ਝਾੜ ਦੇ ਬਰਾਬਰ ਹੈ। ਪੰਜਾਬ ਦੇ ਕਿਸਾਨ ਝੋਨਾ ਉਗਾਉਣ ਵਿੱਚ ਚੀਨ ਨੂੰ ਮੁਕਾਬਲਾ ਦਿੰਦੇ ਹਨ। ਇਸ ਦੇ ਬਾਵਜੂਦ ਕਿਸਾਨ ਕਰਜ਼ਾਈ ਹੋ ਕੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ।