ਨਵੀਂ ਦਿੱਲੀ, 1 ਦਸੰਬਰ 2024 – ਕਿਸਾਨ ਮੋਰਚੇ ’ਤੇ ਇਹ ਐਲਾਨ ਕਰ ਦਿੱਤਾ ਗਿਆ ਕਿ 6 ਦਸੰਬਰ ਤੋਂ ਕਿਸਾਨ ਜਥਿਆਂ ਦੇ ਰੂਪ ’ਚ ਦਿੱਲੀ ਜਾਣਗੇ ਅਤੇ ਪਿੱਛੇ ਨਹੀਂ ਹਟਣਗੇ। ਸ਼ੰਭੂ ਬਾਰਡਰ ’ਤੇ ਮੋਰਚੇ ਦੇ ਆਗੂ ਸਰਵਨ ਸਿੰਘ ਪੰਧੇਰ ਦੀ ਅਗਵਾਈ ਵਿਚ ਹੋਈ 8 ਸੂਬਿਆਂ ਦੇ ਕਿਸਾਨ ਨੇਤਾਵਾਂ ਦੀ ਹੰਗਾਮੀ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਹੈ। ਦੂਜੇ ਪਾਸੇ ਐੱਸ. ਕੇ. ਐੱਮ. ਐੱਨ. ਪੀ. ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ’ਤੇ ਹਜ਼ਾਰਾਂ ਕਿਸਾਨਾਂ ਵਲੋਂ ਕੇਂਦਰ ਖ਼ਿਲਾਫ਼ ਰੋਸ ਮਾਰਚ ਕੱਢਣ ਤੋਂ ਬਾਅਦ ਨਾਅਰਿਆਂ ਦੀ ਗੂੰਜ ਵਿਚ ਮਰਨ ਵਰਤ ’ਤੇ ਬੈਠ ਗਏ ਹਨ, ਜਦ ਕਿ 26 ਨਵੰਬਰ ਤੋਂ ਮਰਨ ਵਰਤ ’ਤੇ ਬੈਠੇ ਸੁਖਜੀਤ ਸਿੰਘ ਹਰਦੋਝੰਡੇ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਨਾਰੀਅਲ ਪਾਣੀ ਪਿਆ ਕੇ ਮਰਨ ਵਰਤ ਤੋਂ ਉਠਾ ਦਿੱਤਾ।
ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠਣ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਦੇ ਸਾਥੀ ਕਿਸਾਨ ਨੇਤਾਵਾਂ ਬਲਦੇਵ ਸਿੰਘ ਸਿਰਸਾ, ਸੁਖਦੇਵ ਸਿੰਘ ਭੋਜਰਾਜ, ਲਖਵਿੰਦਰ ਸਿੰਘ ਔਲਖ ਹਰਿਆਣਾ ਵਲੋਂ ਐਲਾਨ ਕੀਤਾ ਗਿਆ ਕਿ ਜੇਕਰ ਕਿਸਾਨਾਂ ਦੀ ਲੜਾਈ ਲਈ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਸ਼ਹੀਦ ਹੁੰਦੇ ਹਨ ਤਾਂ ਉਨ੍ਹਾਂ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੀ ਦੇਹ ਮੋਰਚਰੀ ਵਿਚ ਰੱਖੀ ਜਾਵੇਗੀ। ਜਦੋਂ ਤੱਕ ਇਹ ਜੰਗ ਜਿੱਤੀ ਨਹੀਂ ਜਾਂਦੀ, ਉਦੋਂ ਤਕ ਸੁਖਜੀਤ ਸਿੰਘ ਹਰਦੋਝੰਡੇ ਨੂੰ ਮਰਨ ਵਰਤ ’ਤੇ ਬਿਠਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਲੰਘੀ ਦੇਰ ਰਾਤ ਪੰਜਾਬ ਸਰਕਾਰ ਅਤੇ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਦੀ ਟੀਮ ਵਿਚਾਲੇ ਸਹਿਮਤੀ ਬਣਨ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੂੰ ਡੀ. ਐੱਮ. ਸੀ. ਤੋਂ ਛੁੱਟੀ ਦੇ ਦਿੱਤੀ ਗਈ ਸੀ ਤੇ ਦੇਰ ਰਾਤ ਡੱਲੇਵਾਲ ਖਨੌਰੀ ਬਾਰਡਰ ’ਤੇ ਪੁੱਜ ਗਏ ਸਨ।
ਖਨੌਰੀ ਬਾਰਡਰ ’ਤੇ ਅੱਜ ਲਗਾਤਾਰ ਕੇਂਦਰ ਸਰਕਾਰ ਵਿਰੁੱਧ ਕਿਸਾਨ ਨੇਤਾਵਾਂ ਨੇ ਜੰਮ ਕੇ ਭੜਾਸ ਕੱਢੀ। ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਤੇ ਜਗਜੀਤ ਸਿੰਘ ਡੱਲੇਵਾਲ ਦੀ ਰਹਿਨੁਮਾਈ ਹੇਠ ਅੱਜ ਕਿਸਾਨ-ਮਜ਼ਦੂਰ ਮੋਰਚੇ ਦੇ ਨਾਲ ਸਬੰਧਤ 8 ਸੂਬਿਆਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਇਕ ਅਹਿਮ ਮੀਟਿੰਗ ਕੀਤੀ, ਜਿਸ ਦੀ ਪ੍ਰਧਾਨਗੀ ਕੇਰਲਾ ਦੇ ਕਿਸਾਨ ਨੇਤਾ ਪੀ. ਟੀ. ਜੌਨ ਅਤੇ ਗੁਰਅਮਨੀਤ ਸਿੰਘ ਮਾਂਗਟ ਨੇ ਕੀਤੀ। ਇਸ ਮੀਟਿੰਗ ’ਚ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰਾਖੰਡ, ਉੱਤਰ ਪ੍ਰਦੇਸ਼, ਕੇਰਲਾ ਅਤੇ ਤਾਮਿਲਨਾਡੂ ਤੋਂ ਕਿਸਾਨ ਆਗੂਆਂ ਨੇ ਸ਼ਿਰਕਤ ਕੀਤੀ। ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਸਰਕਾਰ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਜਬਰਨ ਚੁੱਕਿਆ ਅਤੇ ਹਿਰਾਸਤ ’ਚ ਲੈ ਲਿਆ, ਤੋਂ ਸਰਕਾਰ ਦਾ ਦੋਹਰਾ ਚਰਿੱਤਰ ਸਾਹਮਣੇ ਆਉਂਦਾ ਹੈ।
6 ਦਸੰਬਰ ਨੂੰ ਦਿੱਲੀ ਕੂਚ ਦੇ ਐਲਾਨ ਬਾਰੇ ਉਨ੍ਹਾਂ ਦੱਸਿਆ ਕਿ ਸਾਰੀਆਂ ਜਥੇਬੰਦੀਆਂ ਵਲੋਂ ਦਿੱਲੀ ਕੂਚ ਲਈ ਮਰਜੀਵੜੇ ਜਥਿਆਂ ਦੀ ਗਿਣਤੀ ’ਤੇ ਸਹਿਮਤੀ ਬਣ ਚੁੱਕੀ ਹੈ। ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਜਲਦ ਹੀ ਮੋਰਚੇ ਵਲੋਂ ਲੜੀਵਾਰ ਮਰਜੀਵੜੇ ਜਥਿਆਂ ਦੀ ਗਿਣਤੀ ਤੇ ਇਸ ਦੀ ਸੂਚੀ ਵੀ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਮੀਟਿੰਗ ’ਚ ਜਸਵਿੰਦਰ ਸਿੰਘ ਲੌਂਗੋਵਾਲ, ਅਮਰਜੀਤ ਸਿੰਘ ਮੋਹੜੀ, ਬਲਦੇਵ ਸਿੰਘ ਜ਼ੀਰਾ, ਦਿਲਬਾਗ ਸਿੰਘ ਗਿੱਲ, ਬਲਵੰਤ ਸਿੰਘ ਬਹਿਰਾਮਕੇ, ਪੀ. ਟੀ. ਜੌਨ, ਸਤਨਾਮ ਸਿੰਘ ਸਾਹਨੀ, ਐਡਵੋਕੇਟ ਅਸ਼ੋਕ ਬਲਾਰਾ, ਤੇਜਵੀਰ ਸਿੰਘ ਪੰਜੋਖੇਡਾ ਸਾਹਿਬ, ਗੁਰਧਿਆਨ ਸਿੰਘ ਮਿਆਣੀ, ਬਲਬੀਰ ਸਿੰਘ ਸੋਨੀਪਤ, ਨੰਦ ਕੁਮਾਰ ਕੋਇੰਬਟੂਰ, ਰਾਜੋ ਬੱਬਨ ਤਾਮਿਲਨਾਡੂ, ਸਤਵੰਤ ਸਿੰਘ ਲਵਲੀ, ਮਨਜੀਤ ਸਿੰਘ, ਜਗਜੀਤ ਸਿੰਘ ਭੁੱਲਰ ਉੱਤਰਾਖੰਡ, ਹਰਪ੍ਰੀਤ ਸਿੰਘ ਹੈਪੀ, ਸੁਖਚੈਨ ਸਿੰਘ ਅੰਬਾਲਾ, ਰਵੀ ਸੋਨਤ ਦੌਸਾ, ਰਣਜੀਤ ਸਿੰਘ ਰਾਜੂ, ਗੁਰਪ੍ਰੀਤ ਸਿੰਘ ਸੰਘਾ ਜੈਪੁਰ ਹਾਜ਼ਰ ਸਨ।