ਸੰਗਰੂਰ, 12 ਅਕਤੂਬਰ 2022 – ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਕਿਸਾਨ ਆਪਣੀਆਂ ਮੰਗਾਂ ਦੀ ਪੂਰਤੀ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਅੱਗੇ ਖੜ੍ਹੇ ਹਨ। ਇਸ ਕਾਰਨ ਪਟਿਆਲਾ ਬਾਈਪਾਸ ਤੋਂ ਫਲਾਈਓਵਰ ਤੱਕ ਸੜਕ ਜਾਮ ਹੈ। ਇੱਥੇ ਟ੍ਰੈਫਿਕ ਜਾਮ ਲੱਗ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੰਗਲਵਾਰ ਨੂੰ ਪਏ ਭਾਰੀ ਮੀਂਹ ਦੌਰਾਨ ਕਿਸਾਨਾਂ ਨੇ ਟਰੈਕਟਰ-ਟਰਾਲੀਆਂ ਵਿੱਚ ਰਾਤ ਕੱਟੀ। ਕਿਸਾਨਾਂ ਨੇ ਟਰੈਕਟਰ-ਟਰਾਲੀਆਂ ਨੂੰ ਪਰਾਲੀ ਨਾਲ ਢੱਕ ਕੇ ਬਰਸਾਤ ਤੋਂ ਬਚਾਇਆ ਪਰ ਧਰਨੇ ਵਾਲੀ ਥਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਕਿਸਾਨ ਦੇਰ ਸਵੇਰ ਤੱਕ ਟਰਾਲੀਆਂ ਵਿੱਚ ਹੀ ਬੈਠੇ ਰਹੇ।
ਇਹ ਧਰਨਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਗਾਇਆ ਗਿਆ ਹੈ। ਕਿਸਾਨਾਂ ਨੇ ਜਥੇਬੰਦੀ ਦੀ ਸਰਕਾਰ ਨਾਲ 7 ਅਕਤੂਬਰ ਨੂੰ ਹੋਈ ਮੀਟਿੰਗ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਆਵਾਜ਼ ਬੁਲੰਦ ਕੀਤੀ ਹੈ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਜਦੋਂ ਤੱਕ ਮੰਗਾਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਮੁੱਖ ਮੰਤਰੀ ਨਿਵਾਸ ਦੇ ਸਾਹਮਣੇ ਪੱਕਾ ਮੋਰਚਾ ਜਾਰੀ ਰਹੇਗਾ।
ਜਿਸ ਦੇ ਬਾਰੇ ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਮਾਨ ਸਰਕਾਰ ਅਤੇ ਕੇਜਰੀਵਾਲ ‘ਤੇ ਨਿਸ਼ਾਨੇ ਲਾਏ ਹਨ। ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ, ਬੀ.ਕੇ.ਯੂ ਦੇ ਕਿਸਾਨਾਂ ਨੂੰ ਬਾਰਿਸ਼ ਦੌਰਾਨ ਸੰਗਰੂਰ ਵਿਖੇ ਧਰਨੇ ‘ਤੇ ਬੈਠਣਾ ਪਿਆ! ਉਹ ਉਹੀ ਕਿਸਾਨ ਹਨ ਜਿਹਨਾਂ ਨੂੰ ਅਰਵਿੰਦਕੇਜਰੀਵਾਲ ਦਿੱਲੀ ਦੇ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੀਆਂ ਚੋਣਾਂ ਕਾਰਨ ਮਿਲਣ ਗਏ ਸੀ ਅਤੇ ਹੁਣ ਤੁਸੀਂ ਉਨ੍ਹਾਂ ਨਾਲ ਗੱਲ ਕਰਨ ਦੀ ਖੇਚਲ ਨਹੀਂ ਕਰਦੇ ! ਬਦਲਾਵ !”
ਉਥੇ ਹੀ ਖਹਿਰਾ ਨੇ ਇੱਕ ਹੋਰ ਟਵੀਟ ਕਰਦਿਆਂ ਕਿਹਾ ਕੇ, “ਤੁਹਾਡੀਆਂ ਨਾਕਾਮੀਆਂ ਕਾਰਨ ਪਰਾਲੀ ਸਾੜਨ ਲਈ ਕਿਸਾਨਾਂ ਨੂੰ ਸਜ਼ਾ ਨਹੀਂ ਦੇ ਸਕਦੇ ? ਤੁਸੀਂ ਪਰਾਲੀ ਵਾਹੁਣ ਲਈ 2.5K ਪ੍ਰਤੀ ਏਕੜ ਦਾ ਭੁਗਤਾਨ ਕਰਨ ਵਿੱਚ ਅਸਮਰੱਥ ਹੋ ਜਦੋਂ ਉਹ ਪਹਿਲਾਂ ਹੀ 1 ਲੱਖ ਕਰੋੜ ਦੇ ਵੱਡੇ ਕਰਜ਼ੇ ਹੇਠ ਹਨ ਅਤੇ ਖੁਦਕੁਸ਼ੀਆਂ ਕਰ ਰਹੇ ਹਨ ਤਾਂ ਉਹ ਹੋਰ ਕਿਵੇਂ ਖਰਚ ਕਰ ਸਕਦੇ ਹਨ ? ਤੁਸੀਂ 1.5K DSR ਅਤੇ ਮੂੰਗ ਐਮਐਸਪੀ ਦਾ ਭੁਗਤਾਨ ਕਰਨ ਵਿੱਚ ਅਸਫਲ ਰਹੇ।”