ਅੱਜ ਸ਼ਨੀਵਾਰ ਨੂੰ ਕਿਸਾਨਾਂ ਨੂੰ ਮਿਲੇਗੀ 2000 ਕਰੋੜ ਰੁਪਏ ਤੋਂ ਵੱਧ ਰਾਸ਼ੀ

  • ਕੇਂਦਰੀ ਟੀਮਾਂ ਵੱਲੋਂ 17 ਜ਼ਿਲ੍ਹਿਆਂ ਦਾ ਸਰਵੇਖਣ ਮੁਕੰਮਲ
  • ਮੀਂਹ ਦੇ ਬਾਵਜੂਦ ਮੰਡੀ ਦੇ ਕੰਮਕਾਜ ਵਿਚ ਨਹੀਂ ਪਾਈ ਠੱਲ੍ਹ
  • 33 ਲੱਖ ਟਨ ਸਰਕਾਰੀ ਖਰੀਦ
  • ਆਮਦ ਵਾਲੇ ਦਿਨ ਹੀ 60% ਕਣਕ ਦੀ ਖਰੀਦ

ਚੰਡੀਗੜ੍ਹ, ਅਪ੍ਰੈਲ 16, 2022 – ਪੰਜਾਬ ਸਰਕਾਰ ਅੱਜ 16 ਅਪ੍ਰੈਲ ਨੂੰ 2000 ਕਰੋੜ ਰੁਪਏ ਤੋਂ ਵੱਧ ਦੇ ਐਮਐਸਪੀ ਭੁਗਤਾਨ ਨੂੰ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰੇਗੀ।

ਇਹ ਪ੍ਰਗਟਾਵਾ ਕਰਦੇ ਹੋਏ ਅੱਜ ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਕਿਸਾਨਾਂ ਨੂੰ 828 ਕਰੋੜ ਰੁਪਏ ਟਰਾਂਸਫਰ ਕੀਤੇ ਜਾ ਚੁੱਕੇ ਹਨ। ਹੁਣ ਵਿਭਾਗ ਨੇ 2137 ਕਰੋੜ ਰੁਪਏ ਦੇ ਭੁਗਤਾਨਾਂ ਦੀ ਪ੍ਰਕਿਰਿਆ ਅਤੇ ਮਨਜ਼ੂਰੀ ਦਿੱਤੀ ਹੈ ਅਤੇ ਭਲਕੇ ਬੈਂਕਾਂ ਵੱਲੋਂ ਇਹ ਰਾਸ਼ੀ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾ ਕਇਤੀ ਜਾਵੇਗੀ ।

ਮੰਡੀਆਂ ਵਿੱਚ ਸੁੰਗੜੇ ਹੋਏ ਅਨਾਜ ਦੀ ਆਮਦ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮਾਂ ਦੇ ਚੱਲ ਰਹੇ ਦੌਰਿਆਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਟੀਮਾਂ ਵੱਲੋਂ 17 ਜ਼ਿਲ੍ਹਿਆਂ ਦਾ ਸਰਵੇਖਣ ਕੀਤਾ ਜਾ ਚੁੱਕਾ ਹੈ ਅਤੇ ਉਮੀਦ ਹੈ ਕਿ ਭਲਕੇ ਬਾਕੀ ਛੇ ਜ਼ਿਲ੍ਹਿਆਂ ਨੂੰ ਵੀ ਕਵਰ ਕਰ ਲਿਆ ਜਾਵੇਗਾ।

ਰਾਤ ਭਰ ਪਏ ਮੀਂਹ ਅਤੇ ਮੰਡੀਆਂ ਵਿੱਚ ਖੜ੍ਹੇ ਪਾਣੀ ਕਾਰਨ ਖਰੀਦ ਕਾਰਜਾਂ ਵਿੱਚ ਆਉਣ ਵਾਲੇ ਵਿਘਨ ਬਾਰੇ ਉਨ੍ਹਾਂ ਕਿਹਾ ਕਿ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਮੰਡੀਆਂ ਵਿੱਚ ਖੜ੍ਹੇ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਉਣ ਲਈ ਰਾਤ ਭਰ ਕੰਮ ਕੀਤਾ ਸੀ ਅਤੇ ਸਿੱਟੇ ਵਜੋਂ ਖਰੀਦ ਕਾਰਜ ਵਿਚ ਅੱਜ ਇੱਕ ਮਿੰਟ ਵੀ ਵਿਘਨ ਨਹੀਂ ਪਿਆ।

ਖਰੀਦ ਦੀ ਚੱਲ ਰਹੀ ਸਥਿਤੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸੂਬੇ ਵਿੱਚ ਕਣਕ ਦੀ ਆਮਦ ਸਿਖਰ ‘ਤੇ ਪਹੁੰਚ ਗਈ ਹੈ ਅਤੇ ਅੱਜ ਇੱਕ ਦਿਨ ਵਿੱਚ 8.2 ਲੱਖ ਟਨ ਤੋਂ ਵੱਧ ਕਣਕ ਦੀ ਆਮਦ ਹੋਈ ਹੈ। ਹੁਣ ਤੱਕ ਮੰਡੀਆਂ ਵਿੱਚ 36 ਲੱਖ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਸਰਕਾਰੀ ਖਰੀਦ ਏਜੰਸੀਆਂ 33 ਲੱਖ ਟਨ ਕਣਕ ਦੀ ਖਰੀਦ ਕਰ ਚੁੱਕੀਆਂ ਹਨ। ਸੂਬੇ ਭਰ ਵਿੱਚ ਪਈ ਅਣਵਿਕੀ ਕਣਕ ਦੀ ਕੁੱਲ ਮਾਤਰਾ ਮਹਿਜ਼ 3 ਲੱਖ ਟਨ ਹੈ ਜੋ ਕਿ ਇੱਕ ਦਿਨ ਦੀ ਆਮਦ ਦਾ 40 ਫੀਸਦੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਮੰਡੀਆਂ ਦਾ ਕੰਮ ਬਹੁਤ ਹੀ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਅਤੇ ਦਿਨ ਦੀ 60 ਫੀਸਦੀ ਤੋਂ ਵੱਧ ਆਮਦ ਉਸੇ ਦਿਨ ਹੀ ਖਰੀਦੀ ਜਾ ਰਹੀ ਹੈ।

ਬੁਲਾਰੇ ਨੇ ਇਹ ਯਕੀਨੀ ਬਣਾਉਣ ਲਈ ਰਾਜ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਕਿ ਕਿਸਾਨਾਂ ਦੀ ਉਪਜ ਪਹਿਲ ਦੇ ਆਧਾਰ ‘ਤੇ ਖਰੀਦੀ ਜਾਵੇਗੀ ਅਤੇ ਖਰੀਦ ਦੇ 48 ਘੰਟਿਆਂ ਦੇ ਅੰਦਰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਅਦਾਇਗੀਆਂ ਜਮ੍ਹਾਂ ਹੋ ਜਾਣਗੀਆਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇਕ ਮਹੀਨਾ ਪੂਰਾ ਹੋਣ ‘ਤੇ ਮਾਨ ਸਰਕਾਰ ਨੇ ਗਿਣਾਈਆਂ ਪ੍ਰਾਪਤੀਆਂ

ਦੁਬਈ ‘ਚ ਲਾਵਾਰਿਸ ਪਏ ਜਗਤਾਰ ਦਾ ਮ੍ਰਿਤਕ ਸਰੀਰ ਡਾ.ਓਬਰਾਏ ਦੀ ਬਦੌਲਤ ਭਾਰਤ ਪੁੱਜਾ