ਕਿਸਾਨ ਅੱਜ ਦਿੱਲੀ ਵੱਲ ਕੂਚ ਕਰਨਗੇ, ਰੋਕਣ ਲਈ ਸਰਕਾਰ ਨੇ ਬੈਰੀਕੇਡ ਅਤੇ ਨਾਕੇ ਲਾਏ

ਚੰਡੀਗੜ੍ਹ, 13 ਫਰਵਰੀ 2024 – ਅੱਜ ਕਿਸਾਨਾਂ ਦੇ ਦਿੱਲੀ ਚੱਲੋ ਮਾਰਚ ਕਾਰਨ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਕੇਂਦਰੀ ਮੰਤਰੀਆਂ ਅਤੇ ਕਿਸਾਨ ਆਗੂਆਂ ਵਿਚਾਲੇ ਮੀਟਿੰਗ ਦੇਰ ਰਾਤ ਤੱਕ ਜਾਰੀ ਰਹੀ। ਸਰਕਾਰ ਨੇ ਅੰਦੋਲਨ ‘ਤੇ ਅੜੇ ਰਹੇ ਕਿਸਾਨਾਂ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ 5 ਘੰਟੇ ਤੋਂ ਵੱਧ ਚੱਲੀ ਮੀਟਿੰਗ ਬੇਸਿੱਟਾ ਰਹੀ। ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਆਰ-ਪਾਰ ਦੀ ਲੜਾਈ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਦਿੱਲੀ ਵੱਲ ਮਾਰਚ ਕਰਨਗੇ। ਗਾਜ਼ੀਪੁਰ, ਸਿੰਘੂ, ਸੰਭੂ, ਟਿੱਕਰੀ ਸਮੇਤ ਸਾਰੀਆਂ ਸਰਹੱਦਾਂ ਨੂੰ ਛਾਉਣੀਆਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸਾਨਾਂ ਦੀ ਆੜ ਵਿੱਚ ਸ਼ਰਾਰਤੀ ਅਨਸਰਾਂ ਨੇ ਅਮਨ-ਕਾਨੂੰਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨ ਆਗੂਆਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਸੋਮਵਾਰ (12 ਫਰਵਰੀ) ਨੂੰ ਹੋਈ ਮੀਟਿੰਗ ਬੇਸਿੱਟਾ ਰਹੀ। ਚੰਡੀਗੜ੍ਹ ਵਿੱਚ ਸਾਢੇ 5 ਘੰਟੇ ਚੱਲੀ ਮੀਟਿੰਗ ਵਿੱਚ ਕੇਂਦਰੀ ਮੰਤਰੀ ਪਿਊਸ਼ ਗੋਇਲ ਅਤੇ ਅਰਜੁਨ ਮੁੰਡਾ ਮੌਜੂਦ ਸਨ।

ਕਿਸਾਨ ਮਜ਼ਦੂਰ ਮੋਰਚਾ ਦੇ ਕਨਵੀਨਰ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਕਿ ਕੱਲ੍ਹ (ਬੁੱਧਵਾਰ) ਸਵੇਰੇ 10 ਵਜੇ ਦਿੱਲੀ ਵੱਲ ਮਾਰਚ ਕੀਤਾ ਜਾਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਪੰਜਾਬ-ਹਰਿਆਣਾ ਦੇ ਸ਼ੰਭੂ, ਖਨੌਰੀ ਅਤੇ ਡੱਬਵਾਲੀ ਬਾਰਡਰ ‘ਤੇ ਇਕੱਠੇ ਹੋਣ ਲਈ ਕਿਹਾ ਹੈ।

ਉਨ੍ਹਾਂ ਕਿਹਾ ਕਿ ਹਰ ਮੁੱਦੇ ‘ਤੇ ਚਰਚਾ ਕੀਤੀ ਗਈ। ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ। ਕਿਸਾਨ ਸੰਘਰਸ਼ ਨਹੀਂ ਚਾਹੁੰਦੇ ਪਰ ਸਰਕਾਰ ਦੇ ਮਨ ਵਿੱਚ ਨੁਕਸ ਹੈ। ਉਹ ਸਾਨੂੰ ਕੁਝ ਨਹੀਂ ਦੇਣਾ ਚਾਹੁੰਦੀ। ਸਰਕਾਰ ਦੇ ਪ੍ਰਸਤਾਵ ‘ਤੇ ਵਿਚਾਰ ਕਰਨਗੇ ਪਰ ਅੰਦੋਲਨ ‘ਤੇ ਕਾਇਮ ਹਨ।

ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਅੜੀ ਹੋਈ ਹੈ। ਸਰਕਾਰ ਉਹੀ ਪੁਰਾਣੀਆਂ ਗੱਲਾਂ ‘ਤੇ ਅੜੀ ਹੋਈ ਹੈ। ਦਿੱਲੀ ਜਾਣਾ ਹੁਣ ਕਿਸਾਨਾਂ ਦੀ ਮਜਬੂਰੀ ਬਣ ਗਿਆ ਹੈ। ਇਸ ਤੋਂ ਬਾਅਦ ਕਿਸਾਨ ਆਗੂ ਮੁਹਾਲੀ ਤੋਂ ਚੰਡੀਗੜ੍ਹ ਲਈ ਰਵਾਨਾ ਹੋ ਗਏ ਹਨ।

ਸੂਤਰਾਂ ਮੁਤਾਬਕ ਕੇਂਦਰੀ ਮੰਤਰੀਆਂ ਨੇ ਕਿਹਾ ਕਿ ਉਹ ਘੱਟੋ-ਘੱਟ ਸਮਰਥਨ ਮੁੱਲ ਕਾਨੂੰਨ ਬਾਰੇ ਕਮੇਟੀ ਬਣਾ ਰਹੇ ਹਨ ਪਰ ਕਿਸਾਨ ਆਗੂ ਇਸ ਨਾਲ ਸਹਿਮਤ ਨਹੀਂ ਹੋਏ।

ਉਂਜ ਮੀਟਿੰਗ ਵਿੱਚ ਅੰਦੋਲਨ ਦੌਰਾਨ ਕਿਸਾਨਾਂ ਤੇ ਨੌਜਵਾਨਾਂ ’ਤੇ ਦਰਜ ਕੀਤੇ ਕੇਸ ਵਾਪਸ ਲੈਣ ਅਤੇ ਲਖੀਮਪੁਰ ਖੇੜੀ ਕਾਂਡ ਦੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ’ਤੇ ਸਹਿਮਤੀ ਬਣੀ। ਬਿਜਲੀ ਐਕਟ 2020 ਨੂੰ ਰੱਦ ਕਰਨ ‘ਤੇ ਵੀ ਸਹਿਮਤੀ ਬਣਨ ਦੀਆਂ ਸੰਭਾਵਨਾਵਾਂ ਸਨ।

ਕੇਂਦਰ ਸਰਕਾਰ ਅਤੇ ਕਿਸਾਨ ਯੂਨੀਅਨਾਂ ਵਿਚਾਲੇ ਗੱਲਬਾਤ ਨਾਕਾਮ ਹੋਣ ਤੋਂ ਬਾਅਦ ਟਰੈਕਟਰ ਸ਼ੰਭੂ ਸਰਹੱਦ ‘ਤੇ ਪੁੱਜਣੇ ਸ਼ੁਰੂ ਹੋ ਗਏ ਹਨ। -ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਹ ਆਪਣਾ ਦਿੱਲੀ ਚੱਲੋ ਮਾਰਚ ਜਾਰੀ ਰੱਖਣਗੇ। ਇਸ ਵਿਰੋਧ ਕਾਰਨ ਪੂਰੀ ਦਿੱਲੀ ਵਿੱਚ ਧਾਰਾ 144 ਵੀ ਲਾਗੂ ਕਰ ਦਿੱਤੀ ਗਈ ਹੈ। ਧਾਰਾ 144, 12 ਫਰਵਰੀ ਤੋਂ 12 ਮਾਰਚ ਤੱਕ ਲਾਗੂ ਰਹੇਗੀ। ਪੁਲਿਸ ਕਮਿਸ਼ਨਰ ਸੰਜੇ ਅਰੋੜਾ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਸ ਦੌਰਾਨ ਲੋਕਾਂ ਦੇ ਇਕੱਠੇ ਹੋਣ, ਰੈਲੀਆਂ ਕਰਨ ਅਤੇ ਲੋਕਾਂ ਦੀ ਆਵਾਜਾਈ ਲਈ ਵਰਤੀਆਂ ਜਾਣ ਵਾਲੀਆਂ ਟਰੈਕਟਰ ਟਰਾਲੀਆਂ ‘ਤੇ ਪਾਬੰਦੀ ਰਹੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੋਲੋ ਗਰਾਊਂਡ ਵਿਖੇ ਡਾਗ ਸ਼ੋਅ ‘ਚ ਪੁੱਜੀਆਂ ਦੁਰਲੱਭ ਨਸਲਾਂ ਨੇ ਮੋਹੇ ਪਟਿਆਲਵੀ

ਕਿਸਾਨਾਂ ਦਾ ਦਿੱਲੀ ਕੂਚ: ਹਰਿਆਣਾ ‘ਚ ਸਰਹੱਦ ਸੀਲ-ਇੰਟਰਨੈੱਟ ਪਾਬੰਦੀ ਨੂੰ ਲੈ ਕੇ ਅੱਜ ਹਾਈ ਕੋਰਟ ਵਿੱਚ ਹੋਵੇਗੀ ਸੁਣਵਾਈ