ਸ਼ੰਭੂ ਬਾਰਡਰ, 25 ਫਰਵਰੀ 2024 – ਅੱਜ ਐਤਵਾਰ (25 ਫਰਵਰੀ) ਕਿਸਾਨ ਅੰਦੋਲਨ ਦਾ 13ਵਾਂ ਦਿਨ ਹੈ। ਪੰਜਾਬ ਦੇ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਖੜ੍ਹੇ ਹਨ। ਉਨ੍ਹਾਂ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ 29 ਫਰਵਰੀ ਤੱਕ ਟਾਲ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਘਰ ਵਾਪਸ ਵੀ ਨਹੀਂ ਜਾਣਗੇ।
ਅੱਜ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਵਿਸ਼ਵ ਵਪਾਰ ਸੰਗਠਨ (ਡਬਲਯੂ.ਟੀ.ਓ.) ਸਬੰਧੀ ਕਾਨਫਰੰਸ ਕਰਨਗੇ। ਇਸ ਦੇ ਜ਼ਰੀਏ ਦੇਸ਼ ਭਰ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਯੋਜਨਾ ਹੈ। ਮਾਹਿਰ ਇੱਥੇ ਆਉਣਗੇ ਅਤੇ ਡਬਲਯੂ.ਟੀ.ਓ. ਦੇ ਨੁਕਸਾਨਾਂ ਬਾਰੇ ਦੱਸਣਗੇ।
ਦੂਜੇ ਪਾਸੇ ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ ਤੋਂ ਪਾਬੰਦੀ ਹਟਾ ਲਈ ਗਈ ਹੈ। 11 ਫਰਵਰੀ ਨੂੰ ਸਵੇਰੇ 6 ਵਜੇ ਤੋਂ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ ਅਤੇ ਸਿਰਸਾ ਵਿੱਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਸੀ।
ਇਸ ਤੋਂ ਇਲਾਵਾ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਦੇ ਮੱਦੇਨਜ਼ਰ ਦਿੱਲੀ ਦੇ ਟਿੱਕਰੀ ਬਾਰਡਰ ਅਤੇ ਸਿੰਘੂ ਬਾਰਡਰ, ਜੋ ਕਿ 11 ਦਿਨਾਂ ਤੋਂ ਬੰਦ ਸਨ, ਨੂੰ ਅਸਥਾਈ ਤੌਰ ‘ਤੇ ਖੋਲ੍ਹ ਦਿੱਤਾ ਗਿਆ ਹੈ। ਦਿੱਲੀ ਪੁਲਿਸ ਵੱਲੋਂ ਟਿੱਕਰੀ ਬਾਰਡਰ ‘ਤੇ ਲਗਾਏ ਗਏ ਕੰਟੇਨਰ ਅਤੇ ਪੱਥਰ ਹਟਾਏ ਗਏ। ਹਾਲਾਂਕਿ ਸ਼ੁਰੂਆਤ ‘ਚ ਇਕ ਪਾਸੇ ਵਾਲੀ ਸੜਕ ਨੂੰ ਖੋਲ੍ਹ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਝੜੌਦਾ ਸਰਹੱਦ ‘ਤੇ ਵੀ ਸਾਈਡ ਮੂਵਮੈਂਟ ਸ਼ੁਰੂ ਹੋ ਗਈ ਹੈ।