ਬਠਿੰਡਾ, 17 ਮਈ 2023 – ਬਠਿੰਡਾ ਦੀ ਰਾਇਲ ਐਨਕਲੇਵ ਕਲੋਨੀ ਦੀ ਇੱਕ ਕੋਠੀ ਵਿੱਚ ਚੱਲ ਰਹੇ ਭਰੂਣ ਲਿੰਗ ਨਿਰਧਾਰਨ ਕੇਂਦਰ ਦਾ ਪਰਦਾਫਾਸ਼ ਹੋਇਆ ਹੈ। ਲੁਧਿਆਣਾ ਤੋਂ ਸਿਹਤ ਵਿਭਾਗ ਦੀ ਟੀਮ ਨੇ ਬਠਿੰਡਾ ਦੇ ਸਿਹਤ ਅਧਿਕਾਰੀਆਂ ਨਾਲ ਮਿਲ ਕੇ ਕੋਠੀ ਵਿੱਚ ਚੱਲ ਰਹੇ ਕਲੀਨਿਕ ’ਤੇ ਛਾਪਾ ਮਾਰਿਆ। ਇੱਥੋਂ ਆਰਐਮਪੀ, ਉਸ ਦੀ ਪਤਨੀ ਅਤੇ ਇੱਕ ਦਲਾਲ ਫੜਿਆ ਗਿਆ ਹੈ।
ਟੀਮ ਨੇ ਕੋਠੀ ਵਿੱਚ ਬਣੇ ਜ਼ਮੀਨਦੋਜ਼ ਕਮਰੇ ਵਿੱਚ ਤਿੰਨ ਘੰਟੇ ਦੀ ਤਲਾਸ਼ੀ ਦੌਰਾਨ 30 ਲੱਖ ਰੁਪਏ ਦੀ ਨਕਦੀ, ਗਰਭਪਾਤ ਦੀਆਂ ਦਵਾਈਆਂ, ਉਪਕਰਨ ਅਤੇ ਬੱਚਿਆਂ ਦੇ ਗੋਦ ਲੈਣ ਦੇ ਹਲਫ਼ਨਾਮੇ ਬਰਾਮਦ ਕੀਤੇ ਹਨ। ਪੁਲੀਸ ਨੇ ਮੁਲਜ਼ਮ ਆਰਐਮਪੀ ਗੁਰਮੇਲ ਸਿੰਘ, ਉਸ ਦੀ ਪਤਨੀ ਬਿੰਦਰ ਕੌਰ ਅਤੇ ਦਲਾਲ ਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਥਾਣਾ ਕੈਂਟ ਵਿੱਚ ਕੇਸ ਦਰਜ ਕਰ ਲਿਆ ਹੈ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਸਿਹਤ ਵਿਭਾਗ, ਲੁਧਿਆਣਾ ਡਾ: ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਲੁਧਿਆਣਾ ਦੇ ਕੁਝ ਮਰੀਜ਼ ਭੁੱਚੋ ਮੰਡੀ ਵਿਖੇ ਲਿੰਗ ਟੈਸਟ ਕਰਵਾਉਂਦੇ ਹਨ। ਟੀਮ ਗਰਭਵਤੀ ਔਰਤ ਨੂੰ ਲੈ ਕੇ ਰਾਇਲ ਐਨਕਲੇਵ ਪਹੁੰਚੀ। ਉੱਥੇ ਹੀ ਇੱਕ ਕੋਠੀ ਵਿੱਚ ਗਰਭਵਤੀ ਔਰਤ ਦੇ ਬੱਚੇ ਦਾ ਲਿੰਗ ਟੈਸਟ ਕਰਵਾਉਣ ਦਾ ਸੌਦਾ ਹੋਇਆ ਅਤੇ ਸੈਂਟਰ ਸੰਚਾਲਕ ਜੋੜੇ ਨੂੰ 50 ਹਜ਼ਾਰ ਰੁਪਏ ਦਿੱਤੇ ਗਏ। ਔਰਤ ਨੂੰ ਕੋਠੀ ਦੇ ਅੰਦਰ ਕਮਰੇ ਵਿੱਚ ਲੈ ਗਿਆ। ਫਿਰ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰ ਕੇ ਮੈਡੀਕਲ ਟਰਮੀਨੇਸ਼ਨ ਕਿੱਟ ਅਤੇ ਔਜ਼ਾਰ ਬਰਾਮਦ ਕੀਤੇ।
ਜਿਸ ਘਰ ‘ਚ ਛਾਪੇਮਾਰੀ ਕੀਤੀ ਗਈ ਹੈ। ਉਸ ਕੋਠੀ ਦੇ ਬਾਹਰ ਕਲੀਨਿਕ ਦਾ ਬੋਰਡ ਲਗਾਇਆ ਗਿਆ ਹੈ। ਆਪਣੇ ਆਪ ਨੂੰ ਆਰਐਮਪੀ ਦੱਸਣ ਵਾਲਾ ਗੁਰਮੇਲ ਸਿੰਘ ਲੰਬੇ ਸਮੇਂ ਤੋਂ ਜ਼ਮੀਨਦੋਜ਼ ਕਮਰਿਆਂ ਵਿੱਚ ਲਿੰਗ ਨਿਰਧਾਰਨ ਤੋਂ ਲੈ ਕੇ ਗਰਭਪਾਤ ਅਤੇ ਨਵਜੰਮੇ ਬੱਚਿਆਂ ਨੂੰ ਗੋਦ ਲੈਣ ਤੱਕ ਦੇ ਗੈਰ-ਕਾਨੂੰਨੀ ਕੰਮ ਕਰ ਰਿਹਾ ਸੀ। ਇਹ ਵੀ ਪਤਾ ਲੱਗਾ ਹੈ ਕਿ ਇਹ ਲੋਕ ਕਿਸੇ ਗਰੀਬ ਪਰਿਵਾਰ ਦੀ ਔਰਤ ਦੇ ਜਨਮ ਤੋਂ ਪਹਿਲਾਂ ਹੀ ਉਸ ਦੀ ਗਰਭਅਵਸਥਾ ਦੀ ਜਾਂਚ ਕਰਨ ‘ਤੇ ਪੁੱਤਰ ਦਾ ਪਤਾ ਲੱਗਣ ‘ਤੇ ਪਰਿਵਾਰ ਨਾਲ ਸੌਦਾ ਕਰ ਲੈਂਦੇ ਸਨ। ਬੱਚੇ ਦਾ ਗੋਦਨਾਮਾ ਕਰ ਦਿੱਤਾ ਜਾਂਦਾ ਸੀ।