- 1.75 ਕਰੋੜ ਰੁਪਏ ਗਬਨ ਦਾ ਮਾਮਲਾ
- 12 ਹੋਰ ਕਰਮਚਾਰੀਆਂ ਨੂੰ ਵੀ ਨੋਟਿਸ ਜਾਰੀ
ਲੁਧਿਆਣਾ, 6 ਜਨਵਰੀ 2024 – ਲੁਧਿਆਣਾ ‘ਚ ਦੇਰ ਰਾਤ ਪੁਲਸ ਨੇ ਥਾਣਾ ਡਿਵੀਜ਼ਨ ਨੰਬਰ 7 ‘ਚ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਸਮੇਤ 7 ਮੁਲਾਜ਼ਮਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਇੰਸਪੈਕਟਰ ਅਤੇ ਨਿਗਮ ਕਰਮਚਾਰੀਆਂ ‘ਤੇ 1.75 ਕਰੋੜ ਰੁਪਏ ਜਾਅਲੀ ਬੈਂਕ ਖਾਤਿਆਂ ‘ਚ ਟਰਾਂਸਫਰ ਕਰਨ ਦਾ ਦੋਸ਼ ਹੈ। ਇਨ੍ਹਾਂ ਨੇ 44 ਮੁਲਾਜ਼ਮਾਂ ਦੇ ਜਾਅਲੀ ਸਟੈਂਪ-ਪੇਪਰ ਬਿੱਲ ਪਾਸ ਕੀਤੇ ਹਨ।
ਦੱਸ ਦੇਈਏ ਕਿ ਨਿਗਮ ਨੇ 7 ਮੁਲਜ਼ਮ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। 12 ਹੋਰ ਕਰਮਚਾਰੀਆਂ ਨੂੰ ਵੀ ਨੋਟਿਸ ਭੇਜਿਆ ਗਿਆ ਹੈ। ਥਾਣਾ ਡਿਵੀਜ਼ਨ ਨੰਬਰ 5 ਦੇ ਐਸਐਚਓ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਘੁਟਾਲੇ ਵਿੱਚ 7 ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 420 ਅਤੇ 409 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਿਨ੍ਹਾਂ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸੈਨੇਟਰੀ ਇੰਸਪੈਕਟਰ ਰਾਜੇਸ਼ ਕੁਮਾਰ, ਰਮੇਸ਼ ਕੁਮਾਰ ਸਫ਼ਾਈ ਸੇਵਕ, ਮਿੰਟੂ ਕੁਮਾਰ ਸਫ਼ਾਈ ਸੇਵਕ, ਹੇਮ ਰਾਜ ਅਮਲਾ ਕਲਰਕ, ਹਰਸ਼ ਗਰੋਵਰ ਅਮਲਾ ਕਲਰਕ, ਮਨੀਸ਼ ਮਲਹੋਤਰਾ ਅਮਲਾ ਕਲਰਕ, ਕਮਲ ਕੁਮਾਰ ਸਫ਼ਾਈ ਸੇਵਕ ਸ਼ਾਮਲ ਹਨ। ਪਹਿਲਾਂ ਰਾਜੇਸ਼ ਕੁਮਾਰ ਵੀ ਕਲਰਕ ਸੀ। ਹੁਣ ਉਸ ਨੂੰ ਤਰੱਕੀ ਦੇ ਕੇ ਸੈਨੇਟਰੀ ਇੰਸਪੈਕਟਰ ਬਣਾਇਆ ਗਿਆ ਸੀ।