ਲੁਧਿਆਣਾ, 30 ਮਾਰਚ 2024 – ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੂੰ 5 ਕਰੋੜ ਰੁਪਏ ਦਾ ਲਾਲਚ ਦੇਣ ਵਾਲੇ ਵਿਅਕਤੀ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕੀਤਾ ਹੈ। ਉਕਤ ਵਿਅਕਤੀ ‘ਤੇ ਸੋਧ ਹਨ ਕਿ ਉਸ ਨੇ ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਛੀਨਾ ਨੂੰ ਫੋਨ ‘ਤੇ 5 ਕਰੋੜ ਰੁਪਏ ਦਾ ਲਾਲਚ ਦੇ ਕੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਕਿਹਾ ਸੀ। ਜਿਸ ਤੋਂ ਬਾਅਦ ਵਿਧਾਇਕਾ ਨੇ ਇਸ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਅਤੇ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਥਾਣਾ ਡਾਬਾ ਦੀ ਪੁਲਸ ਨੇ ਅਣਪਛਾਤੇ ਫੋਨ ਕਾਲਰ ਖਿਲਾਫ ਕਾਰਵਾਈ ਕੀਤੀ ਹੈ। ਡਾਬਾ ਪੁਲਿਸ ਨੇ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 171 ਈ (ਰਿਸ਼ਵਤਖੋਰੀ) ਅਤੇ ਧਾਰਾ 123 (1) ਦੇ ਤਹਿਤ ਅਣਪਛਾਤੇ ਕਾਲਰ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ।
ਆਪਣੀ ਸ਼ਿਕਾਇਤ ‘ਚ ਵਿਧਾਇਕ ਛੀਨਾ ਨੇ ਦੋਸ਼ ਲਾਇਆ ਕਿ ਫੋਨ ਕਰਨ ਵਾਲੇ ਨੇ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋਣ ਲਈ 5 ਕਰੋੜ ਰੁਪਏ ਅਤੇ ਲੋਕ ਸਭਾ ਟਿਕਟ ਦੀ ਪੇਸ਼ਕਸ਼ ਕੀਤੀ ਸੀ। ਉਸ ਨੂੰ ਧਮਕੀਆਂ ਵੀ ਮਿਲੀਆਂ। ਛੀਨਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਵਟਸਐਪ ਕਾਲ ਆਈ ਸੀ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ਦਿੱਲੀ ਦੇ ਸੇਵਕ ਸਿੰਘ ਵਜੋਂ ਦੱਸੀ। ਉਸ ਨੇ ਭਾਜਪਾ ਵਿੱਚ ਸ਼ਾਮਲ ਹੋਣ ਲਈ 5 ਕਰੋੜ ਰੁਪਏ ਅਤੇ ਲੋਕ ਸਭਾ ਟਿਕਟ ਦੀ ਪੇਸ਼ਕਸ਼ ਕੀਤੀ। ਇਸ ਤੋਂ ਬਿਨਾਂ ਫੋਨ ਕਰਨ ਵਾਲੇ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਹ ਲੋਕ ਸਭਾ ਦੀ ਟਿਕਟ ਨਹੀਂ ਚਾਹੁੰਦੇ ਤਾਂ ਉਨ੍ਹਾਂ ਨੂੰ ਪਾਰਟੀ ਵਿੱਚ ਕੋਈ ਹੋਰ ਅਹੁਦਾ ਮਿਲੇਗਾ। ਛੀਨਾ ਨੇ ਕਿਹਾ ਕਿ ਮੈਂ ਇਸ ਮੁੱਦੇ ‘ਤੇ ਉਸ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਦੋਸ਼ੀ ਨੇ ਮੈਨੂੰ ਪ੍ਰਸਤਾਵ ‘ਤੇ ਵਿਚਾਰ ਕਰਨ ਦੀ ਪੇਸ਼ਕਸ਼ ਕੀਤੀ ਅਤੇ ਕਿਹਾ ਕਿ ਉਹ ਮੈਨੂੰ ਦੁਬਾਰਾ ਫੋਨ ਕਰੇਗਾ।